Connect with us

National

ਮੁੰਬਈ ਤੋਂ ਉਡਾਣ ਭਰਨ ਵਾਲੀਆਂ 3 ਫਲਾਈਟਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Published

on

14 ਅਕਤੂਬਰ ਨੂੰ ਮੁੰਬਈ ਤੋਂ ਉਡਾਣ ਭਰਨ ਵਾਲੀਆਂ ਤਿੰਨ ਫਲਾਈਟਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਏਅਰ ਇੰਡੀਆ ਦੀ ਪਹਿਲੀ ਫਲਾਈਟ ਮੁੰਬਈ ਤੋਂ ਨਿਊਯਾਰਕ ਜਾ ਰਹੀ ਹੈ। ਸੂਚਨਾ ਮਿਲਦੇ ਹੀ ਜਹਾਜ਼ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ। ਇਹ ਜਹਾਜ਼ ਇਸ ਸਮੇਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਖੜ੍ਹਾ ਹੈ। ਜਹਾਜ਼ ਵਿੱਚ 239 ਯਾਤਰੀ ਸਵਾਰ ਸਨ।

ਦੂਜੀ ਫਲਾਈਟ ਇੰਡੀਗੋ ਦੀ 6E-1275 ਹੈ, ਇਸ ਨੇ ਮੁੰਬਈ ਤੋਂ ਮਸਕਟ ਜਾਣਾ ਸੀ। ਤੀਜੀ ਉਡਾਣ ਇੰਡੀਗੋ ਦੀ 6E 56 ਹੈ। ਇਹ ਮੁੰਬਈ ਤੋਂ ਜੇਦਾਹ ਜਾ ਰਹੀ ਸੀ। ਇਨ੍ਹਾਂ ਦੋਵਾਂ ਜਹਾਜ਼ਾਂ ਨੂੰ ਆਈਸੋਲੇਸ਼ਨ ਬੇਅ ‘ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਹੈ। ਇੱਥੇ ਮੁੰਬਈ-ਹਾਵੜਾ ਮੇਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਜਾਂਚ ਤੋਂ ਬਾਅਦ ਟਰੇਨ ਨੂੰ ਰਵਾਨਾ ਕਰ ਦਿੱਤਾ ਗਿਆ।

ਪਹਿਲਾ ਵੀ ਦਿੱਤੀ ਗਈ ਸੀ ਧਮਕੀ…

ਪਿਛਲੇ 5 ਦਿਨਾਂ ਵਿੱਚ ਕਿਸੇ ਫਲਾਈਟ ਵਿੱਚ ਬੰਬ ਦੀ ਧਮਕੀ ਦਾ ਇਹ ਦੂਜਾ ਮਾਮਲਾ ਹੈ। 9 ਅਕਤੂਬਰ ਨੂੰ ਵੀ ਲੰਡਨ ਤੋਂ ਦਿੱਲੀ ਲਈ ਉਡਾਣ ਭਰਨ ਵਾਲੀ ਵਿਸਤਾਰਾ ਏਅਰਲਾਈਨ ਦੀ ਫਲਾਈਟ UK18 ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਫਲਾਈਟ ਦੇ ਦਿੱਲੀ ਪਹੁੰਚਣ ਤੋਂ ਲਗਭਗ 3.5 ਘੰਟੇ ਪਹਿਲਾਂ, ਇੱਕ ਯਾਤਰੀ ਨੇ ਜਹਾਜ਼ ਦੇ ਟਾਇਲਟ ਵਿੱਚ ਇੱਕ ਧਮਕੀ ਭਰਿਆ ਟਿਸ਼ੂ ਪੇਪਰ ਦੇਖਿਆ। ਉਸ ਨੇ ਚਾਲਕ ਦਲ ਦੇ ਮੈਂਬਰ ਨੂੰ ਸੂਚਿਤ ਕੀਤਾ। ਫਲਾਈਟ ‘ਚ ਕਰੀਬ 300 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਸੁਰੱਖਿਆ ਜਾਂਚ ਕਾਰਨ ਯਾਤਰੀ ਕਰੀਬ 5 ਘੰਟੇ ਤੱਕ ਹਵਾਈ ਅੱਡੇ ‘ਤੇ ਫਸੇ ਰਹੇ।