Punjab
ਹਾਕੀ ਜਗਤ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਦਾ ਹੋਇਆ ਦਿਹਾਂਤ

ਮੋਹਾਲੀ, 25 ਮਈ (ਆਸ਼ੂ ਅਨੇਜਾ): ਹਾਕੀ ਜਗਤ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ (96) ਨਹੀਂ ਰਹੇ। ਸਥਾਨਕ ਫੋਰਟਿਸ ਹਸਪਤਾਲ ਵਿੱਚ ਉਹਨਾਂ ਨੇ ਸੋਮਵਾਰ ਸਵੇਰੇ 6:17 ਵਜੇ ਆਖਰੀ ਸਾਹ ਲਿਆ। ਸਰਦਾਰ ਬਲਬੀਰ ਸਿੰਘ ਪਿਛਲੇ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਆਈਸੀਯੂ ਵਾਰਡ ਵਿੱਚ ਵੈਂਟੀਲੇਟਰ ’ਤੇ ਸਨ। ਡਾਕਟਰਾਂ ਅਨੁਸਾਰ ਬਲਬੀਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਬਲਬੀਰ ਸਿੰਘ ਸੀਨੀਅਰ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬੌਰਨ (1956) ਓਲੰਪਿਕ ‘ਚ ਭਾਰਤ ਲਈ ਸੋਨ ਤਮਗੇ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਓਲੰਪਿਕ ‘ਚ ਨੀਦਰਲੈਂਡ ਖਿਲਾਫ 6-1 ਨਾਲ ਮਿਲੀ ਜਿੱਤ ‘ਚ ਉਨ੍ਹਾਂ ਨੇ 5 ਗੋਲ ਕੀਤੇ ਸਨ ਅਤੇ ਇਹ ਰਿਕਾਰਡ ਅਜੇ ਵੀ ਬਰਕਰਾਰ ਹੈ। ਉਹ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹਿ ਚੁੱਕੇ ਸਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਬਾਦਲ ਨੇ ਵੀ ਟਵੀਟ ਕਰਕੇ ਇਹਨਾ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ।