National
ਪੂਰਬੀ ਸਿੱਕਮ ‘ਚ ਭਾਰੀ ਬਰਫਬਾਰੀ ‘ਚ ਫਸੇ 1000 ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ, ਆਵਾਜਾਈ ਹੋਈ ਪ੍ਰਭਾਵਿਤ

ਭਾਰਤੀ ਫੌਜ ਨੇ ਭਾਰੀ ਬਰਫਬਾਰੀ ਤੋਂ ਬਾਅਦ ਪੂਰਬੀ ਸਿੱਕਮ ਦੇ ਉਪਰਲੇ ਚਾਂਗੂ ਵਿੱਚ ਫਸੇ ਔਰਤਾਂ ਅਤੇ ਬੱਚਿਆਂ ਸਮੇਤ 1,000 ਤੋਂ ਵੱਧ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਨਾਥੂ ਲਾ, ਸੋਮਗੋ (ਚਾਂਗੂ) ਝੀਲ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਭਾਰੀ ਬਰਫਬਾਰੀ ਤੋਂ ਬਾਅਦ ਤਾਪਮਾਨ ਜ਼ੀਰੋ ਤੋਂ ਹੇਠਾਂ ਜਾਣ ਤੋਂ ਬਾਅਦ ਸੈਲਾਨੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।
ਅਧਿਕਾਰੀਆਂ ਮੁਤਾਬਕ ਬਰਫਬਾਰੀ ਕਾਰਨ ਵਾਹਨਾਂ ਨੂੰ ਚਲਾਉਣਾ ਮੁਸ਼ਕਲ ਹੋ ਗਿਆ, ਜਿਸ ਕਾਰਨ 15 ਕਿਲੋਮੀਟਰ ਤੱਕ 1000 ਸੈਲਾਨੀ ਅਤੇ 200 ਵਾਹਨ ਫਸ ਗਏ। ਇੱਕ ਅਧਿਕਾਰਤ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਖੇਤਰ ਵਿੱਚ ਤਾਇਨਾਤ ਸੈਨਿਕਾਂ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ ਅਤੇ ਅੱਠ ਘੰਟੇ ਦੀ ਮੁਹਿੰਮ ਤੋਂ ਬਾਅਦ ਸੈਲਾਨੀਆਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ। ਸਾਰੇ ਸੈਲਾਨੀਆਂ ਨੂੰ ਰਿਹਾਇਸ਼, ਗਰਮ ਭੋਜਨ, ਗਰਮ ਕੱਪੜੇ ਅਤੇ ਜ਼ਰੂਰੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।