Connect with us

National

5 ਹਜ਼ਾਰ ਕਰੋੜ ਰੁਪਏ ਦੀ 518 ਕਿਲੋ ਕੋਕੀਨ ਹੋਈ ਬਰਾਮਦ

Published

on

ਐਤਵਾਰ ਰਾਤ ਗੁਜਰਾਤ ਦੇ ਅੰਕਲੇਸ਼ਵਰ ਵਿੱਚ ਅਵਕਾਰ ਡਰੱਗਜ਼ ਲਿਮਟਿਡ ਕੰਪਨੀ ਦੇ ਗੋਦਾਮ ਵਿੱਚੋਂ 518 ਕਿਲੋ ਕੋਕੀਨ ਜ਼ਬਤ ਕੀਤੀ ਗਈ ਹੈ । ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 5000 ਕਰੋੜ ਰੁਪਏ ਹੈ। ਦਿੱਲੀ-ਗੁਜਰਾਤ ਪੁਲਿਸ ਦੇ ਸਾਂਝੇ ਆਪ੍ਰੇਸ਼ਨ ‘ਚ ਮੌਕੇ ਤੋਂ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਦਿੱਲੀ ਪੁਲਿਸ ਨੇ ਕਿਹਾ ਕਿ ਇਹ ਕੋਕੀਨ ਉਸੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜੀ ਹੋਈ ਹੈ, ਜਿਸ ਦੀਆਂ ਦੋ ਵੱਡੀਆਂ ਖੇਪਾਂ 2 ਅਕਤੂਬਰ ਅਤੇ 10 ਅਕਤੂਬਰ ਨੂੰ ਦਿੱਲੀ ਤੋਂ ਛਾਪੇਮਾਰੀ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ।

ਪੁਲਿਸ ਨੇ ਦੱਸਿਆ ਕਿ ਹੁਣ ਤੱਕ ਇਸ ਸਿੰਡੀਕੇਟ ਤੋਂ ਕੁੱਲ 1289 ਕਿਲੋ ਨਸ਼ੀਲਾ ਪਦਾਰਥ ਫੜਿਆ ਜਾ ਚੁੱਕਾ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 13 ਹਜ਼ਾਰ ਕਰੋੜ ਰੁਪਏ ਹੈ।

ਇਸ ਸਿੰਡੀਕੇਟ ਨਾਲ ਜੁੜੇ ਕੁੱਲ 12 ਲੋਕਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 7 ਨੂੰ ਦਿੱਲੀ ਵਿੱਚ ਪਿਛਲੇ 2 ਛਾਪਿਆਂ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ।

ਦੁਬਈ ਤੋਂ ਚੱਲ ਰਹੇ ਇਸ ਸਿੰਡੀਕੇਟ ਦੇ ਮਾਸਟਰਮਾਈਂਡ ਦੀ ਪਛਾਣ ਵਰਿੰਦਰ ਬਸੋਆ ਵਜੋਂ ਹੋਈ ਹੈ। ਦੁਬਈ ਵਿੱਚ ਉਸਦੇ ਕਈ ਕਾਰੋਬਾਰ ਹਨ। ਪੁਲਸ ਨੇ ਬਸੋਆ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਪੀਟੀਆਈ ਦੇ ਸੂਤਰਾਂ ਅਨੁਸਾਰ ਪੂਰੇ ਦੇਸ਼ ਵਿੱਚ ਕਦੇ ਵੀ ਇੰਨੀ ਵੱਡੀ ਮਾਤਰਾ ਵਿੱਚ ਕੋਕੀਨ ਫੜੀ ਨਹੀਂ ਗਈ ਹੈ। ਪਿਛਲੇ 12 ਦਿਨਾਂ ਵਿੱਚ ਇਹ 3 ਛਾਪੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।