Punjab
ਤਰਨਤਾਰਨ (ਝਬਾਲ) ਨੇੜੇ ਹੋਇਆ ਭਿਆਨਕ ਸੜਕ ਹਾਦਸਾ,ਚਾਰ ਨੌਜਵਾਨਾਂ ਦੀ ਮੌਤ
ਤਰਨਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਗੱਗੋਬੂਆ ਵਿਚ ਬੀਤੀ ਰਾਤ ਇੱਕ ਮੋਟਰਸਾਈਕਲ ਅਤੇ ਫਾਰਚੂਨਰ ਗੱਡੀ ਦੀ ਹੋਈ ਆਹਮੋ-ਸਾਹਮਣੀ ਟੱਕਰ ਵਿਚ ਦੋ ਸਕੇ ਭਰਾਵਾਂ ਸਮੇਤ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਤਰਨਤਾਰਨ ਸਿਵਲ ਹਸਪਤਾਲ ਵਿੱਚ ਭੇਜ ਦਿੱਤੀਆਂ ਹਨ। ਮ੍ਰਿਤਕਾਂ ਦੀ ਸ਼ਨਾਖਤ ਠੱਠਗੜ੍ਹ ਵਾਸੀ ਦੋ ਭਰਾਵਾਂ ਤਸਵੀਰ ਸਿੰਘ ਸੋਨੂੰ (24), ਮਲਕੀਤ ਸਿੰਘ ਕੀਤੂ (22), ਗੋਹਲਵੜ੍ਹ ਵਾਸੀ ਰਮਨਦੀਪ ਸਿੰਘ (17) ਅਤੇ ਝਬਾਲ ਵਾਸੀ ਲਵਪ੍ਰੀਤ ਸਿੰਘ (16) ਵਜੋਂ ਕੀਤੀ ਗਈ ਹੈ। ਇਹ ਸਾਰੇ ਇਲਾਕੇ ਦੇ ਪਿੰਡ ਪੂਹਲਾ ਤੋਂ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਲਾਸ਼ਾਂ ਤਾਂ ਰਾਤ ਵੇਲੇ ਹੀ ਬਰਾਮਦ ਹੋ ਗਈਆਂ ਅਤੇ ਇਕ ਲਾਸ਼ ਸਵੇਰ ਵੇਲੇ ਦੂਰ ਖੇਤਾਂ ਵਿਚੋਂ ਮਿਲੀ। ਥਾਣਾ ਝਬਾਲ ਪੁਲੀਸ ਨੇ ਮੌਕੇ ਤੋਂ ਫਾਰਚੂਨਰ ਗੱਡੀ ਛੱਡ ਕੇ ਫਰਾਰ ਹੋਏ ਚਾਲਕ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਗੱਡੀ ਦੇ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੱਡੀ ਵਿੱਚੋਂ ਬਰਾਮਦ ਕੱਪੜਿਆਂ ਤੋਂ ਲੱਗਦਾ ਹੈ ਕਿ ਚਾਲਕ ਤੇ ਕੁਝ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ-ਇਸ਼ਨਾਨ ਕਰਨ ਉਪਰੰਤ ਵਾਪਸ ਜਲਾਲਾਬਾਦ ਜਾ ਰਹੇ ਸਨ। ਪਿੰਡ ਠੱਠਗੜ੍ਹ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਚਾਰੇ ਨੌਜਵਾਨ ਐਤਵਾਰ ਦੇਰ ਰਾਤ ਆਪਣੇ ਕੰਮ ਤੋਂ ਪਰਤ ਰਹੇ ਸਨ। ਲੇਟ ਹੋਣ ਕਰ ਕੇ ਇਹ ਚਾਰੋਂ ਇਕੋ ਮੋਟਰਸਾਈਕਲ ’ਤੇ ਸਵਾਰ ਸਨ। ਜਿਵੇਂ ਹੀ ਉਹ ਪਿੰਡ ਨਜ਼ਦੀਕ ਪੁੱਜੇ ਤਾਂ ਇਨ੍ਹਾਂ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਫਾਰਚੂਨਰ ਗੱਡੀ ਨਾਲ ਵੱਜਿਆ। ਹਾਦਸੇ ਵਿੱਚ ਦੋ ਸਕੇ ਭਰਾਵਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਸਾਰੇ ਪੀੜਤ ਗਰੀਬ ਘਰ ਨਾਲ ਸਬੰਧਤ ਸਨ। ਸੋਨੂੰ ਅਤੇ ਕੀਤੂ ਰਾਜਗੀਰੀ ਅਤੇ ਦੂਸਰੇ ਉਸਾਰੀ ਮਜ਼ਦੂਰੀ ਕਰਦੇ ਸਨ।