Connect with us

India

ਆਂਧਰਾ ਪ੍ਰਦੇਸ਼ ’ਚ ਦੇਸ਼ ਦੇ ਪਹਿਲੇ ਦੇਸੀ ਕੁਆਂਟਮ ਕੰਪਿਊਟਿੰਗ ਮੋਡੀਊਲ ਦਾ ਸਫ਼ਲ ਪ੍ਰਦਰਸ਼ਨ: MP ਸਤਨਾਮ ਸੰਧੂ ਵੱਲੋਂ ਅਮਰਾਵਤੀ ਦਾ ਦੌਰਾ

Published

on

ਆਂਧਰਾ ਪ੍ਰਦੇਸ਼ ’ਚ ਦੇਸ਼ ਦੇ ਪਹਿਲੇ ਦੇਸੀ ਕੁਆਂਟਮ ਕੰਪਿਊਟਿੰਗ ਮੋਡੀਊਲ ਦਾ ਸਫ਼ਲ ਪ੍ਰਦਰਸ਼ਨ: ਸਾਂਸਦ ਸਤਨਾਮ ਸਿੰਘ ਸੰਧੂ ਵੱਲੋਂ ਅਮਰਾਵਤੀ ਦਾ ਦੌਰਾ
* ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੇ ਵਿਸ਼ੇਸ਼ ਸੱਦੇ ’ਤੇ ਰਾਜ ਸਭਾ ਮੈਂਬਰ ਸੰਧੂ ਨੇ ‘ਅਮਰਾਵਤੀ 1Q’ ਕੁਆਂਟਮ ਸਿਸਟਮ ਦਾ ਲਿਆ ਜਾਇਜ਼ਾ
* ਮਾਈਨਸ 273°C ਦੇ ਅਤਿ-ਕ੍ਰਾਇਓਜੈਨਿਕ ਤਾਪਮਾਨ ’ਤੇ ਕੰਮ ਕਰਨ ਵਾਲੀ ਭਾਰਤ ਦੀ ਪਹਿਲੀ ਓਪਨ-ਐਕਸੈਸ ਕੁਆਂਟਮ ਹਾਰਡਵੇਅਰ ਪ੍ਰਣਾਲੀ ਨੂੰ ਨੇੜਿਓਂ ਵਾਚਿਆ
* ਸਾਂਸਦ ਸੰਧੂ ਵੱਲੋਂ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਆਰਥਿਕ ਸੁਧਾਰਾਂ ਲਈ ਇਸੇ ਤਰਜ਼ ’ਤੇ ਉੱਚ-ਤਕਨੀਕੀ ਵਿਜ਼ਨ ਉਲੀਕਣ ਦੀ ਉਮੀਦ
ਚੰਡੀਗੜ੍ਹ/ਅਮਰਾਵਤੀ: ਭਾਰਤ ਨੂੰ ਡੀਪ-ਟੈੱਕ (Deep-Tech) ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਆਂਧਰਾ ਪ੍ਰਦੇਸ਼ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਰਾਜ ਸਭਾ ਮੈਂਬਰ (ਮੈਂਬਰ ਪਾਰਲੀਮੈਂਟ) ਸਤਨਾਮ ਸਿੰਘ ਸੰਧੂ ਨੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੇ ਵਿਸ਼ੇਸ਼ ਸੱਦੇ (ਇਨਵੀਟੇਸ਼ਨ) ’ਤੇ ਅਮਰਾਵਤੀ ਵਿਖੇ ਦੇਸ਼ ਦੇ ਪਹਿਲੇ ਦੇਸੀ ਤੌਰ ’ਤੇ ਵਿਕਸਤ ਕੀਤੇ ਗਏ ਓਪਨ-ਐਕਸੈਸ ਕੁਆਂਟਮ ਕੰਪਿਊਟਰ ‘ਅਮਰਾਵਤੀ ਕੁਆਂਟਮ ਰੈਫ਼ਰੈਂਸ ਫ਼ੈਸਿਲਟੀਜ਼’ ਦਾ ਉਚੇਚਾ ਤਕਨੀਕੀ ਦੌਰਾ ਕੀਤਾ।
ਗੰਨਾਵਰਮ ਦੇ ਮੇਧਾ ਟਾਵਰਜ਼ ਵਿਖੇ ਸਥਾਪਿਤ ਇਹ ਕੁਆਂਟਮ ਮੋਡੀਊਲ ਦੇਸ਼ ਦੀਆਂ ਉਦਯੋਗਿਕ ਅਤੇ ਵਿਗਿਆਨਕ ਸਮਰੱਥਾਵਾਂ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ। ਸਾਂਸਦ ਸੰਧੂ ਨੇ ਉੱਥੇ ਮਾਈਨਸ 273°C (Absolute Zero) ਦੇ ਅਤਿ-ਕ੍ਰਾਇਓਜੈਨਿਕ ਤਾਪਮਾਨ ’ਤੇ ਕੰਮ ਕਰਨ ਵਾਲੇ “ਅਮਰਾਵਤੀ 1Q” ਕੁਆਂਟਮ ਹਾਰਡਵੇਅਰ ਸਿਸਟਮ ਦਾ ਨਿਰੀਖਣ ਕੀਤਾ। ਇਹ ਪ੍ਰਣਾਲੀ ਸਵਦੇਸ਼ੀ ਕੁਆਂਟਮ ਪੁਰਜ਼ਿਆਂ ਨੂੰ ਪਰਖਣ, ਬੈਂਚਮਾਰਕ ਕਰਨ ਅਤੇ ਪ੍ਰਮਾਣਿਤ ਕਰਨ ਵਾਲਾ ਦੇਸ਼ ਦਾ ਪਹਿਲਾ ਉਦਯੋਗ-ਪੱਖੀ ਹਾਰਡਵੇਅਰ ਟੈਸਟਬੈੱਡ ਹੈ।
ਚੰਦਰਬਾਬੂ ਨਾਇਡੂ ਦੀ ਇਸ ਦੂਰਅੰਦੇਸ਼ੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸਾਂਸਦ ਸੰਧੂ ਨੇ ਕਿਹਾ ਕਿ ਅਮਰਾਵਤੀ ਵਿਖੇ IBM, TCS ਅਤੇ L&T ਵਰਗੀਆਂ ਦਿੱਗਜ ਕੰਪਨੀਆਂ ਦੇ ਸਹਿਯੋਗ ਨਾਲ ਵਿਕਸਤ ਹੋ ਰਿਹਾ ਇਹ ਕੁਆਂਟਮ ਈਕੋਸਿਸਟਮ ਭਾਰਤ ਨੂੰ ਗਲੋਬਲ ‘ਕੁਆਂਟਮ ਵੈਲੀ’ ਵਜੋਂ ਸਥਾਪਿਤ ਕਰੇਗਾ, ਜਿਸ ਦਾ ਪਹਿਲਾ ਪੂਰਨ ਕੰਪਿਊਟਰ ਦਸੰਬਰ 2026 ਤੱਕ ਤਿਆਰ ਹੋਣ ਦੀ ਉਮੀਦ ਹੈ।
ਸਾਂਸਦ ਸੰਧੂ ਨੇ ਪੰਜਾਬ ਦੇ ਭਵਿੱਖ ਲਈ ਇੱਕ ਵੱਡੀ ਉਮੀਦ ਜਤਾਉਂਦਿਆਂ ਆਖਿਆ ਕਿ ਪੰਜਾਬ ਦੀ ਆਰਥਿਕਤਾ, ਉਦਯੋਗਿਕ ਢਾਂਚੇ ਅਤੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਇਸੇ ਤਰਜ਼ ’ਤੇ ਇੱਕ ਉੱਚ-ਤਕਨੀਕੀ ਵਿਜ਼ਨ ਉਲੀਕਣ ਦੀ ਸਖ਼ਤ ਲੋੜ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜੇਕਰ ਪੰਜਾਬ ਵਿੱਚ ਵੀ ਅਜਿਹਾ ਆਧੁਨਿਕ ਤਕਨਾਲੋਜੀ ਆਧਾਰਿਤ ਬਲੂਪ੍ਰਿੰਟ ਲਾਗੂ ਕੀਤਾ ਜਾਵੇ, ਤਾਂ ਸੂਬੇ ਦੇ ਨੌਜਵਾਨਾਂ ਲਈ ਇੱਥੇ ਹੀ ਵਿਸ਼ਵ-ਪੱਧਰੀ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਪੰਜਾਬ ਰਵਾਇਤੀ ਲੀਹਾਂ ਤੋਂ ਨਿਕਲ ਕੇ ਦੇਸ਼ ਦਾ ਮੋਹਰੀ ਤਕਨੀਕੀ ਤੇ ਆਰਥਿਕ ਗੜ੍ਹ ਬਣ ਕੇ ਉਭਰੇਗਾ।