Connect with us

Punjab

ਗਊ ਚਰਾਂਦਾਂ ਨੂੰ ਕਬਜ਼ਾ ਮੁਕਤ ਕਰਨ ਲਈ ਕਬਜ਼ਾਧਾਰਕ ਖ਼ੁਦ ਅੱਗੇ ਆਉਣ: ਸਚਿਨ ਸ਼ਰਮਾ

Published

on

ਚੰਡੀਗੜ੍ਹ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਗਊ ਚਰਾਂਦਾਂ ਦੇ ਕਬਜ਼ਾਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਊ ਚਰਾਂਦਾ ਨੂੰ ਜਲਦ ਤੋਂ ਜਲਦ ਕਬਜ਼ਾ ਮੁਕਤ ਕਰਨ ਲਈ ਖ਼ੁਦ ਅੱਗੇ ਆਉਣ।

ਇਥੇ ਜਾਰੀ ਬਿਆਨ ਵਿੱਚ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸ਼ਾਮਲਾਤ ਜ਼ਮੀਨ ਛੁਡਵਾਉਣ ਲਈ ਭੂ ਮਾਫੀਆ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਰਕਾਰੀ ਗਊ ਚਰਾਂਦਾਂ ਨੂੰ ਵੀ ਕਬਜ਼ਾਧਾਰੀਆਂ ਤੋਂ ਮੁਕਤ ਕਰਵਾਇਆ ਜਾਵੇਗਾ।

ਸ਼ਰਮਾ ਨੇ ਕਬਜ਼ਾਧਾਰੀਆਂ ਨੂੰ ਅਪੀਲ ਕੀਤੀ ਕਿ ਕਬਜ਼ਾ ਨਾ ਛੱਡਣ ਦੀ ਸੂਰਤ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਗਊ ਚਰਾਂਦਾਂ ਗਾਵਾਂ ਲਈ ਵੱਡਾ ਆਸਰਾ ਹਨ, ਜਿੱਥੇ ਗਾਵਾਂ ਨੂੰ ਕੁਦਰਤੀ ਤੌਰ ‘ਤੇ ਹਰਾ ਚਾਰਾ, ਪੀਣ ਲਈ ਪਾਣੀ ਅਤੇ ਤਾਜ਼ੀ ਹਵਾ ਮਿਲਦੀ ਹੈ, ਜੋ ਉਨ੍ਹਾਂ ਲਈ ਲਾਹੇਵੰਦ ਹੈ ਪਰ ਕਈ ਲੋਕ ਨਿੱਜੀ ਸਵਾਰਥਾਂ ਲਈ ਬੇਜ਼ੁਬਾਨ ਗਊ ਵੰਸ਼ ਨੂੰ ਸੜਕਾਂ ‘ਤੇ ਰੁਲਣ ਲਈ ਮਜਬੂਰ ਕਰ ਰਹੇ ਹਨ।

ਸ਼ਰਮਾ ਨੇ ਕਿਹਾ ਕਿ ਗਊ ਚਰਾਂਦਾਂ ਨੂੰ ਕਬਜ਼ਾਧਾਰੀ ਜਲਦ ਤੋਂ ਜਲਦ ਛੱਡਣ ਤਾਂ ਜੋ ਭਵਿੱਖ ਵਿੱਚ ਗਊ ਵੰਸ਼ ਨੂੰ ਇਸ ਜ਼ਮੀਨ ‘ਤੇ ਰੱਖਣ ਲਈ ਯੋਗ ਉਪਰਾਲੇ ਕੀਤੇ ਜਾ ਸਕਣ ਜਿਸ ਨਾਲ ਸੜਕਾਂ ‘ਤੇ ਘੁੰਮਦੀਆਂ ਗਾਵਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ ਅਤੇ ਨਾਲ ਹੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।