Connect with us

Punjab

ਬਾਗਬਾਨੀ ਮੰਤਰੀ ਨੇ ਫਲ ਉਤਪਾਦਕਾਂ ਨੂੰ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਪ੍ਰੇਰਿਤ ਕੀਤਾ

Published

on

ਚੰਡੀਗੜ੍ਹ: ਪੰਜਾਬ ਦੇ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਨੇ ਫਲ ਉਤਪਾਦਕ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਬਾਗਬਾਨ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਉੱਥੇ ਹੀ ਸਥਾਨਕ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਵੀ ਵੱਧਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਾਗਬਾਨੀ ਦੀ ਉੱਨਤੀ ਲਈ ਅਤੇ ਕਿਸਾਨੀ ਧੰਦੇ ਨੂੰ ਮੁਨਾਫੇ ਵਾਲਾ ਬਣਾਉਣ ਲਈ ਖਾਸ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪਹਿਲੇ ਦਿਨ ਤੋਂ ਹੀ ਇਸ ਕੋਸ਼ਿਸ਼ ਵਿਚ ਲੱਗੇ ਹੋਏ ਹਨ ਕਿ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ‘ਚੋਂ ਕੱਢ ਕੇ ਸਹਾਇਕ ਕਿੱਤਿਆਂ ਵੱਲ ਪ੍ਰੇਰਿਤ ਕੀਤਾ ਜਾਵੇ ਅਤੇ ਇਸੇ ਮਕਸਦ ਨਾਲ ਬਾਗਬਾਨੀ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। 

ਪੰਜਾਬ ਭਵਨ ਵਿਚ ਪਠਾਨਕੋਟ ਲੀਚੀ ਉਤਪਾਦਕ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਕਿੰਨੂ, ਲੀਚੀ, ਅੰਬ, ਆਂਵਲਾ, ਅਮਰੂਦ ਆਦਿ ਫਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਜੇਕਰ ਇਨ੍ਹਾਂ ਫਲਾਂ ਤੋਂ ਜੂਸ, ਮੁਰੱਬੇ ਅਤੇ ਹੋਰ ਖਾਣਯੋਗ ਪਦਾਰਥ ਤਿਆਰ ਕਰਕੇ ਵੇਚਣ ਤਾਂ ਇਸ ਨਾਲ ਉਨ੍ਹਾਂ ਨੂੰ ਚੋਖਾ ਮੁਨਾਫਾ ਹੋਵੇਗਾ। ਸਰਕਾਰ ਦੀ ਮੱਦਦ ਨਾਲ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਲਈ ਉਨ੍ਹਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵਨਾਵਾਂ ਤਲਾਸ਼ਣ ਦੇ ਨਿਰਦੇਸ਼ ਵੀ ਜਾਰੀ ਕੀਤੇ। 

ਉਨ੍ਹਾਂ ਕਿਹਾ ਕਿ ਬਾਗਬਾਨੀ ਕਰਨ ਵਾਲੇ ਕਿਸਾਨਾਂ ਨੂੰ ਫਲਾਂ ਦੀ ਵੇਸਟੇਜ਼ ਘਟਾਉਣ ਲਈ ਫੂਡ ਪ੍ਰੋਸੈਸਿੰਗ ਦਾ ਸਹਾਰਾ ਲੈਣਾ ਚਾਹੀਦਾ ਹੈ ਕਿਉਂ ਕਿ ਜਿਹੜੇ ਫਲ ਰੁੱਖਾਂ ਤੋਂ ਟੁੱਟ ਕੇ ਧਰਤੀ ‘ਤੇ ਡਿੱਗ ਜਾਂਦੇ ਹਨ, ਉਨ੍ਹਾਂ ਨੂੰ ਪ੍ਰੋਸੈੱਸ ਕਰਕੇ ਵੱਧ ਭਾਅ ‘ਤੇ ਵੇਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬਾਗਾਂ ਵਿਚ ਸੋਲਰ ਪੰਪ ਲਗਾਉਣ ਲਈ ਵੀ ਉਨ੍ਹਾਂ ਬਾਗਬਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਦੀ ਘਾਟ ਦਾ ਸਭ ਤੋਂ ਵਧੀਆ ਵਿਕਲਪ ਸੋਲਰ ਹੈ। ਫੌਜਾ ਸਿੰਘ ਸਰਾਰੀ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਫਲ ਉਤਪਾਦਕ ਕਿਸਾਨਾਂ ਦੀ ਸਿਖਲਾਈ ਅਤੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਇਕ ਖਾਕਾ ਤਿਆਰ ਕੀਤਾ ਜਾਵੇ ਤਾਂ ਜੋ ਕਿਸਾਨ ਨਵੀਆਂ ਤਕਨੀਕਾਂ ਅਪਣਾ ਸਕਣ। ਬਾਗਬਾਨਾਂ ਨੇ ਇਸ ਮੌਕੇ ਕੁਝ ਮੰਗਾਂ ਵੀ ਰੱਖੀਆਂ ਜਿਨ੍ਹਾਂ ਦੇ ਨਿਪਟਾਰੇ ਲਈ ਮੰਤਰੀ ਨੇ ਹਾਂ ਪੱਖੀ ਰਵੱਈਆ ਵਿਖਾਇਆ। 

ਕਾਬਿਲੇਗੌਰ ਹੈ ਕਿ ਇਸ ਮੀਟਿੰਗ ਤੋਂ ਬਾਗਬਾਨ ਕਾਫੀ ਖੁਸ਼ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੰਤਰੀ ਨੇ ਉਨ੍ਹਾਂ ਨੂੰ ਖੁਦ ਮੀਟਿੰਗ ਲਈ ਬੁਲਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣੀਆਂ ਹਨ ਅਤੇ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੇ ਸੁਝਾਅ ਮੰਗੇ ਗਏ ਹਨ। ਇਸ ਮੌਕੇ ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।