National
ਸਿਮ ਕਾਰਡ ਤੇ ਵਟਸਐਪ ਅਕਾਊਂਟ ਤੇ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਜਾਣੋ ਵੇਰਵਾ..

ਸਿਮ ਕਾਰਡ ਤੇ ਵਟਸਐਪ ਅਕਾਊਂਟ ਤੇ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਜਾਣੋ ਵੇਰਵਾ..
ਨਵੀਂ ਦਿੱਲੀ 18ਅਗਸਤ 2023: ਕੇਂਦਰ ਸਰਕਾਰ ਨੇ ਸਿਮ ਕਾਰਡ ਅਤੇ ਵਟਸਐਪ ਅਕਾਊਂਟ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਅਸੀਂ ਧੋਖੇ ਨਾਲ ਲਏ 52 ਲੱਖ ਕੁਨੈਕਸ਼ਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਹੈ, ਮੋਬਾਈਲ ਸਿਮ ਕਾਰਡ ਵੇਚਣ ਵਾਲੇ 67000 ਡੀਲਰਾਂ ਨੂੰ ਬਲੈਕਲਿਸਟ ਕੀਤਾ ਹੈ। ਮਈ 2023 ਤੋਂ ਹੁਣ ਤੱਕ ਸਿਮ ਕਾਰਡ ਡੀਲਰਾਂ ਵਿਰੁੱਧ 300 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 66,000 ਵਟਸਐਪ ਅਕਾਊਂਟ ਬਲਾਕ ਕਰ ਦਿੱਤੇ ਗਏ ਹਨ।
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਧੋਖਾਧੜੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਿਮ ਕਾਰਡ ਡੀਲਰਾਂ ਦੀ ਪੁਲਿਸ ਤਸਦੀਕ ਨੂੰ ਲਾਜ਼ਮੀ ਕਰ ਦਿੱਤਾ ਹੈ ਅਤੇ ਬਲਕ ਕੁਨੈਕਸ਼ਨਾਂ ਦੀ ਵਿਵਸਥਾ ਨੂੰ ਵੀ ਰੋਕ ਦਿੱਤਾ ਹੈ। ਸਰਕਾਰ ਨੇ 67000 ਡੀਲਰਾਂ ਨੂੰ ਬਲੈਕਲਿਸਟ ਕੀਤਾ ਹੈ। ਮੰਤਰੀ ਨੇ ਕਿਹਾ ਕਿ ਵਟਸਐਪ ਨੇ ਆਪਣੇ ਆਪ ਹੀ ਲਗਭਗ 66,000 ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ ਜੋ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ।
ਕੀ ਹੈ ਨਵੀਂ ਗਾਈਡਲਾਈਨ : ਵੈਸ਼ਨਵ ਨੇ ਕਿਹਾ ਕਿ ਹੁਣ ਅਸੀਂ ਧੋਖਾਧੜੀ ਨੂੰ ਰੋਕਣ ਲਈ ਸਿਮ ਡੀਲਰਾਂ ਦੀ ਪੁਲਿਸ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। ਨਵੀਂ ਗਾਈਡਲਾਈਨ ਮੁਤਾਬਕ ਬਿਨਾਂ ਪੁਲਿਸ ਵੈਰੀਫਿਕੇਸ਼ਨ ਦੇ ਸਿਮ ਕਾਰਡ ਵੇਚਣ ‘ਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੈ। ਦੂਰਸੰਚਾਰ ਮੰਤਰੀ ਮੁਤਾਬਕ ਦੇਸ਼ ‘ਚ ਕਰੀਬ 10 ਲੱਖ ਸਿਮ ਕਾਰਡ ਡੀਲਰ ਹਨ, ਜਿਨ੍ਹਾਂ ਨੂੰ ਪੁਲਸ ਵੈਰੀਫਿਕੇਸ਼ਨ ਤੋਂ ਗੁਜ਼ਰਨਾ ਹੋਵੇਗਾ। ਇਸ ਤੋਂ ਇਲਾਵਾ ਕਾਰੋਬਾਰ (ਦੁਕਾਨ) ਦੀ ਕੇਵਾਈਸੀ ਵੀ ਕਰਨੀ ਪਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡੀਲਰਾਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਪੁਲਿਸ ਵੈਰੀਫਿਕੇਸ਼ਨ ਲਈ ਲੋੜੀਂਦਾ ਸਮਾਂ ਦਿੱਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਨੇ ਬਲਕ ਕੁਨੈਕਸ਼ਨਾਂ ਦੀ ਵਿਵਸਥਾ ਨੂੰ ਵੀ ਬੰਦ ਕਰ ਦਿੱਤਾ ਹੈ ਅਤੇ ਇਸ ਦੀ ਬਜਾਏ ਵਪਾਰਕ ਕੁਨੈਕਸ਼ਨਾਂ ਦੀ ਇੱਕ ਨਵੀਂ ਧਾਰਨਾ ਪੇਸ਼ ਕੀਤੀ ਜਾਵੇਗੀ। ਵੈਸ਼ਨਵ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਾਰੋਬਾਰ ਦੀ ਕੇਵਾਈਸੀ, ਸਿਮ ਲੈਣ ਵਾਲੇ ਵਿਅਕਤੀ ਦੀ ਕੇਵਾਈਸੀ ਵੀ ਕੀਤੀ ਜਾਵੇਗੀ। ਹਾਲ ਹੀ ਵਿੱਚ ਦੇਸ਼ ਵਿੱਚ ਕਈ ਸਿਮ ਕਾਰਡ ਘੋਟਾਲੇ ਸਾਹਮਣੇ ਆਏ ਹਨ। ਪੁਲਿਸ ਨੇ ਇੱਕ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ। ਪੁਲੀਸ ਅਨੁਸਾਰ ਇੱਕੋ ਆਧਾਰ ਕਾਰਡ ’ਤੇ 658 ਸਿਮ ਕਾਰਡ ਜਾਰੀ ਕੀਤੇ ਗਏ ਸਨ ਅਤੇ ਇਹ ਸਾਰੇ ਸਿਮ ਕਾਰਡ ਵਰਤੇ ਜਾ ਰਹੇ ਸਨ।