National
ਕੇਕ ਲਿਆਉਣ ‘ਚ ਹੋਈ ਦੇਰੀ ਤਾਂ ਪਤਨੀ ਤੇ ਪੁੱਤਰ ਨੂੰ ਮਾਰਿਆ ਚਾਕੂ
ਮੁੰਬਈ : ਮੁੰਬਈ ਦੇ ਸਾਕਾਨਾਕੀ ਇਲਾਕੇ ਵਿਚ 45 ਸਾਲਾ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਪੁੱਤਰ ਨੂੰ ਚਾਕੂ ਮਾਰ ਕੇ ਜਖ਼ਮੀ ਕਰ ਦਿੱਤਾ। ਉਸ ਵਿਅਕਤੀ ਦੀ ਪਛਾਣ ਰਾਜੇਂਦਰ ਸ਼ਿੰਦੇ ਵਜੋਂ ਹੋਈ ਹੈ। ਪੁਲਿਸ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੰਜਨਾ ਸ਼ਿੰਦੇ ਨੇ ਆਪਣੇ ਪਤੀ ਦੇ ਜਨਮਦਿਨ ‘ਤੇ ਕੇਕ ਲਿਆਉਣ ਵਿਚ ਦੇਰ ਕੀਤੀ ਸੀ ਜਿਸ ਕਰਕੇ ਪਤੀ ਨੇ ਗੁੱਸੇ ਵਿਚ ਆਪਣੀ ਪਤਨੀ ਤੇ ਪੁੱਤਰ ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਦੇਰ ਨਾਲ ਕੇਕ ਲਿਆਉਣ ‘ਤੇ ਆਇਆ ਗੁੱਸਾ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਾਜੇਂਦਰ ਸ਼ਿੰਦੇ ਦਾ ਜਨਮਦਿਨ 1 ਜੂਨ ਨੂੰ ਸੀ। ਕੰਮ ‘ਤੋਂ ਦੇਰ ਨਾਲ ਆਉਣ ਕਰਕੇ ਪਤਨੀ ਅਗਲੇ ਦਿਨ ਦੁਪਹਿਰ ਨੂੰ ਉਸ ਲਈ ਕੇਕ ਲੈ ਕੇ ਆਈ। ਪਰ ਰਾਜੇਂਦਰ ਨੂੰ ਇਸ ਗੱਲ ‘ਤੇ ਗੁੱਸਾ ਆ ਗਿਆ ਤੇ ਉਹ ਆਪਣੀ ਪਤਨੀ ਨਾਲ ਲੜਾਈ ਕਰਨ ਲੱਗਾ। ਜਦੋਂ ਉਸ ਦੇ ਮੁੰਡੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੁੱਸੇ ਵਿਚ ਉਸ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪਤਨੀ ਦੇ ਰੋਕਣ ‘ਤੇ ਉਸ ਨੇ ਆਪਣੀ ਪਤਨੀ ਦੇ ਹੱਥ ਉੱਤੇ ਵੀ ਚਾਕੂ ਮਾਰ ਦਿੱਤਾ।
ਹਮਲੇ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ ਤੋਂ ਬਾਅਦ ਰੰਜਨਾ ਨੂੰ ਛੁੱਟੀ ਦੇ ਦਿੱਤੀ ਗਈ। ਉਸ ਦੇ ਮੁੰਡੇ ਦਾ ਘਾਟਕੋਪਰ ਦੇ ਰਾਜਾਵਾੜੀ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।
ਪੁਲਿਸ ਨੇ ਕੇਸ ਦਰਜ ਕੀਤਾ
ਪੁਲਿਸ ਨੇ ਮੁਲਜ਼ਮ ਰਾਜੇਂਦਰ ਸ਼ਿੰਦੇ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਐਤਵਾਰ ਦੀ ਘਟਨਾ ਤੋਂ ਬਾਅਦ ਤੋਂ ਹੀ ਫਰਾਰ ਹੈ। ਪੁਲਿਸ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।