National
ਨਕਸਲੀਆਂ ਦੇ ਹਮਲੇ ‘ਚ ਦੋ ਜਵਾਨ ਹੋਏ ਸ਼ਹੀਦ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਅੱਜ ਨਕਸਲੀਆਂ ਵੱਲੋਂ ਬਾਰੂਦੀ ਸੁਰੰਗ (ਆਈਈਡੀ) ਦੇ ਫੋਜੀ ਟਰੱਕ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ਕਾਰਨ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੀ ਕੋਬਰਾ ਯੂਨਿਟ ਦੇ ਦੋ ਜਵਾਨ ਸ਼ਹੀਦ ਹੋ ਗਏ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਵੱਲੋਂ ਇਹ ਧਮਾਕਾ ਰਾਜਧਾਨੀ ਰਾਏਪੁਰ ਤੋਂ 400 ਕਿਲੋਮੀਟਰ ਦੂਰ ਸੁਰੱਖਿਆ ਬਲਾਂ ਦੇ ਸਿਲਗੇਰ ਅਤੇ ਟੇਕਲਮ ਕੈਂਪਾਂ ਵਿਚਾਲੇ ਟਿਮਾਪੁਰਮ ਪਿੰਡ ਨੇੜੇ ਦੁਪਹਿਰ ਲਗਪਗ 3 ਵਜੇ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕਮਾਂਡੋ ਬਟਾਲੀਅਨ ਫਾਰ ਰੈਜ਼ਲਿਊਟ ਐਕਸ਼ਨ (ਕੋਬਰਾ) ਦੀ 201ਵੀਂ ਯੂਨਿਟ ਦੇ ਇੱਕ ਮੂਹਰਲੇ ਦਸਤੇ ਨੇ ਟੇਕਲਗੁਡੇਮ ਵੱਲ ਆਪਣੀ ਸੜਕ ਸੁਰੱਖਿਆ ਡਿਊਟੀ ਤਹਿਤ ਜਗਰਗੁੰਡਾ ਥਾਣਾ ਹੱਦ ਅਧੀਨ ਪੈਂਦੇ ਸਿਲਗੇਰ ਕੈਂਪ ਤੋਂ ਗਸ਼ਤ ਸ਼ੁਰੂ ਕੀਤੀ ਸੀ। ਉਨ੍ਹਾਂ ਮੁਤਾਬਕ ਸੁਰੱਖਿਆ ਮੁਲਾਜ਼ਮ ਇੱਕ ਟਰੱਕ ਅਤੇ ਮੋਟਰਸਾਈਕਲ ‘ਤੇ ਸਵਾਰ ਸਨ। ਅਧਿਕਾਰੀ ਨੇ ਕਿਹਾ ਕਿ ਨਕਸਲੀਆਂ ਨੇ ਟਰੱਕ ਨੂੰ ਨਿਸ਼ਾਨਾ ਬਣਾ ਕੇ ਬਾਰੂਦੀ ਸੁਰੰਗ ਨਾਲ ਧਮਾਕਾ ਕੀਤਾ, ਜਿਸ ਵਿੱਚ ਸਿਪਾਹੀ ਸ਼ੈਲੋਦਰ (29) ਅਤੇ ਡਰਾਈਵਰ ਵਿਸ਼ਨੂ ਆਰ. (35) ਸ਼ਹੀਦ ਹੋ ਗਏ, ਜਿਹੜੇ ਉੱਤਰ ਪ੍ਰਦੇਸ਼ ਤੇ ਕੇਰਲ ਦੇ ਰਹਿਣ ਵਾਲੇ ਸਨ। ਟਰੱਕ ‘ਚ ਹੋਰ ਕੋਈ ਸਵਾਰ ਨਹੀਂ ਸੀ।
ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਤੇ ਜਵਾਨਾਂ ਦੀਆਂ ਦੇਹਾਂ ਨੂੰ ਜੰਗਲ ਵਿੱਚੋਂ ਕੱਢਿਆ ਜਾ ਰਿਹਾ ਹੈ। ਉੱਥੇ ਤਲਾਸ਼ੀ ਮੁਹਿੰਮ ਜਾਰੀ ਹੈ।
ਛੱਤੀਸਗੜ੍ਹ ਦੇ CM ਨੇ ਜਤਾਇਆ ਦੁੱਖ
ਇਸ ਦੌਰਾਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂ ਦੇਓ ਸਾਈ ਨੇ ਘਟਨਾ ’ਤੇ ਅਫਸੋਸ ਜਤਾਇਆ ਹੈ ਅਤੇ ਕਿਹਾ ਕਿ ਜਵਾਨਾਂ ਦੀ ਸ਼ਹੀਦੀ ਅਜਾਈਂ ਨਹੀਂ ਜਾਵੇਗੀ। ਸੋਸ਼ਲ ਮੀਡਿਆ ’ਤੇ ਪੋਸਟ ’ਚ ਉਨ੍ਹਾਂ ਨੇ ਲਿਖਿਆ ‘‘ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।