Connect with us

Punjab

ਪੰਜਾਬੀ ਯੂਨੀਵਰਸਿਟੀ: ਫਰਜ਼ੀ ਬਿੱਲ ਘੁਟਾਲੇ ਮਾਮਲੇ ‘ਚ 2 ਵੱਡੇ ਅਧਿਕਾਰੀਆਂ ‘ਤੇ ਡਿੱਗੀ ਗਾਜ਼

Published

on

ਪੰਜਾਬੀ ਯੂਨੀਵਰਸਿਟੀ ‘ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਹਰ ਪਾਸੇ ਚਰਚਾ ਦਾ ਛਿੜੀ ਹੋਈ ਹੈ ਨਾਲ ਹੀ ਮਾਮਲੇ ਨੂੰ ਜਾਣ ਕੇ ਸਭ ਦੇ ਹੋਸ਼ ਉੱਡ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਯੂਨੀਵਰਸਿਟੀ ’ਚ ਫਰਜ਼ੀ ਬਿੱਲ ਮਾਮਲੇ ਵਿਚ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਧਰਮਪਾਲ ਗਰਗ ਅਤੇ ਇਕ ਮਹਿਲਾ ਸੁਪਰਡੈਂਟ ਜਸਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਇਹ ਹਦਾਇਤ ਵਾਈਸ ਚਾਂਸਲਰ ਦੇ ਨਿਰੇਦਸ਼ਾਂ ’ਤੇ ਵੀਰਵਾਰ ਨੂੰ ਜਾਰੀ ਕੀਤੇ ਗਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਯੂਨੀਵਰਸਿਟੀ ਵੱਲੋਂ ਇਸ ਮਾਮਲੇ ਵਿਚ 2 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਕਰੀਬ 125 ਫਰਜ਼ੀ ਬਿੱਲ ਫੜੇ ਹਨ ਅਤੇ ਇਹ ਬਿੱਲ ਕਰੀਬ 2 ਕਰੋੜ ਰੁਪਏ ਦੇ ਦੱਸੇ ਜਾ ਰਹੇ ਹਨ।

ਕੀ ਹੈ ਪੂਰਾ ਮਾਮਲਾ –

ਪੰਜਾਬੀ ਯੂਨੀਵਰਸਿਟੀ ਵਿੱਚ ਹੋਏ ਇਸ ਘਪਲੇ ਦਾ ਖੁਲਾਸਾ ਸਾਲ 2021 ਵਿੱਚ ਹੋਇਆ ਸੀ। ਕਰੀਬ ਤਿੰਨ ਸਾਲ ਪਹਿਲਾਂ ਸ਼ੁਰੂ ਹੋਈ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਯੂਨੀਵਰਸਿਟੀ ਦੇ ਇੱਕ ਸੀਨੀਅਰ ਸਹਾਇਕ ਨੇ ਜਾਅਲੀ ਬਿੱਲਾਂ, ਮੋਹਰਾਂ ਅਤੇ ਦਸਤਖਤਾਂ ਰਾਹੀਂ ਆਪਣੇ ਅਤੇ ਹੋਰ ਸਾਥੀਆਂ ਦੇ ਬੈਂਕ ਖਾਤਿਆਂ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾਏ ਸਨ। ਇਸ ਸਬੰਧੀ ਯੂਨੀਵਰਸਿਟੀ ਨੇ ਸੱਤ ਵਿਅਕਤੀਆਂ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਸੀ।

ਯੂਨੀਵਰਸਿਟੀ ਨੇ ਵੀ ਆਪਣੀ ਜਾਂਚ ਜਾਰੀ ਰੱਖੀ। ਜਾਂਚ ਵਿੱਚ ਯੂਨੀਵਰਸਿਟੀ ਦੇ ਹੀ ਹੋਰ ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਸੀਨੀਅਰ ਸਹਾਇਕ ਨੇ ਯੂਨੀਵਰਸਿਟੀ ਦੇ ਹੋਰ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਵੀ 5 ਤੋਂ 12 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹੇ 12 ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਸੀ। ਉਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ ਇਹ ਸਾਰੇ ਘੁਟਾਲੇ ਵਿੱਚ ਸ਼ਾਮਲ ਪਾਏ ਗਏ। ਉਸ ਸਮੇਂ ਅਰਬਨ ਅਸਟੇਟ ਪੁਲਿਸ ਨੇ ਸੀਨੀਅਰ ਸਹਾਇਕ ਨੀਸ਼ੂ ਚੌਧਰੀ ਸਮੇਤ ਕੁੱਲ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੂਤਰਾਂ ਮੁਤਾਬਕ ਜੇਕਰ ਮਾਮਲੇ ਦੀ ਜਾਂਚ ਅੱਗੇ ਵਧਦੀ ਹੈ ਤਾਂ ਘੁਟਾਲੇ ਦੀ ਰਕਮ ਕਰੋੜਾਂ ਤੱਕ ਪਹੁੰਚ ਸਕਦੀ ਹੈ। ਫਿਲਹਾਲ ਪੰਜਾਬੀ ਯੂਨੀਵਰਸਿਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਦਾ ਸੇਕ ਉੱਚ ਅਧਿਕਾਰੀਆਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਅਗਲੇ ਦਿਨਾਂ ਵਿੱਚ ਹੋਰ ਨਾਂ ਸਾਹਮਣੇ ਆਉਣਗੇ।