World
ਕਾਲ ਰਿਕਾਰਡਿੰਗ ਨੇ ਤੋੜੀ ਦੋਸਤੀ; ਦੋ ਪਰਿਵਾਰਾਂ ਦੇ ਝਗੜੇ ਨੇ ਛੇੜਿਆ ਦੋ ਦੇਸ਼ਾਂ ਵਿਚਾਲੇ ਯੁੱਧ
ਥਾਈਲੈਂਡ ਅਤੇ ਕੰਬੋਡੀਆ ਵਿੱਚ ਇਨ੍ਹੀਂ ਦਿਨੀਂ ਲੜਾਈ ਚੱਲ ਰਹੀ ਹੈ। ਇਹ ਜੰਗ ਫੋਨ ‘ਤੇ ਗੱਲਬਾਤ ਕਰਦਿਆਂ ਕਾਲ ਰਿਕਾਰਡਿੰਗ ਕਰਨ ਮਗਰੋਂ ਉਸਨੂੰ ਜਨਤਕ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼ੁਰੂ ਹੋਈ ਹੈ ਅਤੇ ਕਾਲ ਰਿਕਾਰਡਿੰਗ ਨੇ ਦੋ ਪਰਿਵਾਰਾਂ ਦੀ ਦੋਸਤੀ ਤਾਂ ਤੋੜ ਹੀ ਦਿੱਤੀ ਹੈ।
ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਵਾਤਰਾ ਅਤੇ ਕੰਬੋਡੀਆ ਦੇ ਸਾਬਕਾ ਨੇਤਾ ਹੂਨ ਸੇਨ ਦਹਾਕਿਆਂ ਤੋਂ ਪੱਕੇ ਮਿੱਤਰ ਸਨ। 2006 ਵਿੱਚ ਥਾਈਲੈਂਡ ਦਾ ਤਖਤਾਪਲਟ ਹੋਣ ਮਗਰੋਂ ਹੂਨ ਸੇਨ ਨੇ ਥਾਕਸਿਨ ਨੂੰ ਆਪਣਾ ਆਰਥਿਕ ਸਲਾਹਕਾਰ ਬਣਾ ਲਿਆ। ਇਹ ਦੋਸਤ ਅਕਸਰ ਗੌਲਫ ਖੇਡਦੇ ਸਨ। ਸੰਨ 2023 ਵਿੱਚ ਥਾਕਸਿਨ ਅਤੇ ਥਾਈਲੈਂਡ ਦੀ ਪਹਿਲੀ ਪ੍ਰਧਾਨ ਮੰਤਰੀ ਯਿੰਗਲਕ ਨੇ ਹੂਨ ਸੇਨ ਦੇ 72 ਵੇਂ ਜਨਮ ਦਿਨ ਮੌਕੇ ਭਾਗ ਲਿਆ। ਮਾਰਚ 2024 ਵਿੱਚ ਪੈਂਤੋਂਗਰਤਨ ਵੀ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੂਨ ਸੇਨ ਨੂੰ ਮਿਲਣ ਪਹੁੰਚੀ। ਦੋਨੋ ਪਰਿਵਾਰ ਇੰਨੇ ਨੇੜੇ ਸਨ ਕਿ ਇਨ੍ਹਾਂ ਨੂੰ ‘God brother’ ਕਿਹਾ ਜਾਂਦਾ ਸੀ।
ਇੱਕ ਕਾਲ ਰਿਕਾਰਡਿੰਗ ਨੇ ਇਨ੍ਹਾਂ ਦੋਵਾਂ ਪਰਿਵਾਰਾਂ ਦੀ ਦੋਸਤੀ ਤੋੜ ਦਿੱਤੀ :- 15 ਜੂਨ 2025 ਨੂੰ ਇੱਕ ਕਾਲ ਰਿਕਾਰਡਿੰਗ ਲੀਕ ਹੁੰਦੀ ਹੈ ਅਤੇ ਦੋਵਾਂ ਪਰਿਵਾਰਾਂ ਦੀ ਪੁਰਾਣੀ ਦੋਸਤੀ ਤੋੜ ਦਿੰਦੀ ਹੈ। ਅਸਲ ਵਿੱਚ ਹੋਇਆ ਇੰਝ ਕਿ ਪੈਂਤੋਂਗਰਤਨ ਸ਼ਿਨਵਾਤਰਾ ਅਤੇ ਹੂਨ ਸੇਨ ਵਿਚਾਲੇ ਫੋਨ ‘ਤੇ ਗੱਲਬਾਤ ਹੁੰਦੀ ਹੈ। ਇਸ ਗੱਲਬਾਤ ਦੌਰਾਨ ਪੈਤੋਂਗਰਤਨ ਨੇ ਆਪਣੇ ਹੀ ਆਰਮੀ ਜਨਰਲ ਦੀ ਅਲੋਚਨਾ ਕੀਤੀ ਸੀ। ਇਸ ਗੱਲ ਨੂੰ ਲੈ ਕੇ ਥਾਈਲੈਂਡ ਵਿੱਚ ਹੰਗਾਮਾ ਮੱਚ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਆ ਗਏ ਅਤੇ ਥਾਂ ਥਾਂ ਪ੍ਰਦਰਸ਼ਨ ਹੋਣ ਲੱਗੇ ਅਤੇ ਸੰਵਿਧਾਨਿਕ ਅਦਾਲਤ ਨੇ ਪੈਂਤੋਂਗਰਤਨ ਨੂੰ ਡਿਸਮਿਸ ਕਰ ਦਿੱਤਾ। ਇਸ ਤੋਂ ਬਾਅਦ ਹੂਨ ਸੇਨ ਨੇ ਥਾਕਸਿਨ ‘ਤੇ ਦੋਸ਼ ਲਗਾਇਆ ਕਿ ਉਸਨੇ ਫੇਸਬੁੱਕ ਉੱਪਰ ਪੋਸਟ ਪਾ ਕੇ ਥਾਈ ਰਾਜਾਸ਼ਾਹੀ ਦਾ ਅਪਮਾਨ ਕੀਤਾ ਹੈ।
ਇਸੇ ਦੌਰਾਨ ਕੰਬੋਡੀਆ ਦੀ ਕਮਜ਼ੋਰ ਹੁੰਦੀ ਅਰਥ ਵਿਵਸਥਾ ਅਤੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੂਨ ਮਨੇਤ ਦੀ ਕਮਜ਼ੋਰ ਸ਼ਾਖ਼ ਨੂੰ ਵੇਖਦਿਆਂ ਹੂਨ ਸੇਨ ਆਪਣੇ ਪੁੱਤਰ ਨੂੰ ਸਥਾਪਤ ਕਰਨ ਲਈ ਟਕਰਾਓ ਦਾ ਲਾਭ ਲੈ ਸਕਦੇ ਹਨ। ਥਾਈਲੈਂਡ ਵਿੱਚ ਜੂਏ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਕੰਬੋਡੀਆ ਦੇ ਕੈਸੀਨੋ ਨੂੰ ਖ਼ਤਰਾ ਹੋ ਸਕਦਾ ਹੈ ਜਿਸ ਨਾਲ ਹੂਨ ਪਰਿਵਾਰ ਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ। ਉੱਧਰ ਥਾਈਲੈਂਡ ਵਿੱਚ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੋਵੇਂ ਕਾਰਜਕਾਰੀ ਹਨ। ਇਸ ਸਮੇਂ ਸਰਹੱਦ ਦੀ ਕਮਾਨ ਅਜ਼ਾਦ ਤੌਰ ‘ਤੇ ਫੌਜ ਦੇ ਹੱਥ ਵਿੱਚ ਹੈ। ਇਸ ਕਰਕੇ ਟਕਰਾਓ ਹੋਰ ਵੱਧ ਸਕਦਾ ਹੈ। ਇਸ ਝਗੜੇ ਨੂੰ ਯੁੱਧ ਦਾ ਰੂਪ ਦੇਣ ਵਾਲੇ ਚੀਨ ਅਤੇ ਅਮਰੀਕਾ ਵੀ ਹਨ ਜਿਹੜੇ ਕੌਮਾਂਤਰੀ ਪੱਧਰ ‘ਤੇ ਸ਼ਾਂਤੀ ਕਾਇਮ ਰੱਖਣ ਦੀ ਗੱਲ ਕਰਦੇ ਹਨ ਪਰ ਅਸਲ ਵਿੱਚ ਹਥਿਆਰ ਵੇਚ ਕੇ ਦੂਜੇ ਦੇਸ਼ਾਂ ਨੂੰ ਜੰਗ ਦੀ ਅੱਗ ਵਿੱਚ ਝੋਕਣ ਦਾ ਕੰਮ ਕਰਦੇ ਹਨ। ਅਮਰੀਕਾ ਨੇ ਥਾਈਲੈਂਡ ਨੂੰ ਅਤੇ ਚੀਨ ਨੇ ਕੰਬੋਡੀਆ ਨੂੰ ਫੌਜੀ ਤੇ ਰਣਨੀਤਕ ਮਦਦ ਦੇ ਕਿ ਇਸ ਖਿੱਤੇ ਵਿੱਚ ਯੁੱਧ ਨੂੰ ਹੋਰ ਭੜਕਾਇਆ ਹੈ। ਦੋਵੇਂ ਦੇਸ਼ ਇੱਕ ਦੂਜੇ ਉੱਪਰ ਤੋਪਾਂ ਨਾਲ ਹਮਲੇ ਕਰ ਰਹੇ ਹਨ। ਹੁਣ ਤੱਕ 33 ਲੋਕ ਮਾਰੇ ਜਾ ਚੁੱਕੇ ਹਨ ਅਤੇ ਡੇਢ ਲੱਖ ਤੋਂ ਵੱਧ ਘਰੋਂ ਬੇਘਰ ਹੋ ਗਏ ਹਨ।
ਦੋਸਤੋ ਇੱਕ ਦੋਸਤ ਵੱਲੋਂ ਕਾਲ ਰਿਕਾਰਡਿੰਗ ਲੀਕ ਕਰਕੇ ਦੂਜੇ ਦੋਸਤ ਦਾ ਵਿਸ਼ਵਾਸ ਤੋੜਿਆ ਗਿਆ ਅਤੇ ਨੌਬਤ ਯੁੱਧ ਤੱਕ ਦੀ ਆ ਗਈ। ਇਸ ਸਾਰੇ ਘਟਨਕ੍ਰਮ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ ਕਿ ਫ਼ੋਨ ਉੱਪਰ ਗੱਲਬਾਤ ਕਰਦੇ ਹੋਏ ਸਾਨੂੰ ਆਪਣੇ ਦੋਸਤਾਂ ਦੀਆਂ ਕਾਲਾਂ ਰਿਕਾਰਡ ਕਰਕੇ ਤੇ ਰਿਕਾਰਡਿੰਗ ਲੀਕ ਕਰਕੇ ਦੋਸਤ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ।
-ਕੁਲਵੰਤ ਸਿੰਘ ਗੱਗੜਪੁਰੀ

