Connect with us

Punjab

ਪੰਜਾਬੀ ਗਾਇਕ ਅਤੇ ਅਦਾਕਾਰ ਔਖੇ ਸਮੇਂ ਖੜ੍ਹਦੇ ਨੇ ਆਪਣੇ ਲੋਕਾਂ ਦੇ ਨਾਲ

Published

on

PUNJAB FLOOD : ਪੰਜਾਬੀ ਗਾਇਕ ਅਤੇ ਅਦਾਕਾਰ ਔਖੇ ਸਮੇਂ ਹਮੇਸ਼ਾਂ ਆਪਣੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਇਸ ਸਮੇਂ ਪੰਜਾਬ ਹੜ੍ਹਾਂ ਦੀ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ। ਜਿੱਥੇ ਲੋਕਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ ਉੱਥੇ ਹੀ ਕੁੱਝ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਇਸਦੇ ਨਾਲ ਹੀ ਵੱਡੀ ਗਿਣਤੀ ਵਿੱਚ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਇਸ ਮੌਕੇ ਜਿੱਥੇ ਸਰਕਾਰੀ ਟੀਮਾਂ ਬਚਾਓ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਉੱਥੇ ਹੀ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਦੇ ਹੱਥ ਵੀ ਮਦਦ ਲਈ ਅੱਗੇ ਵਧ ਰਹੇ ਜੋ ਇੱਕ ਸ਼ਲਾਘਾਯੋਗ ਕਦਮ ਹੈ। ਕੁੱਝ ਗਾਇਕਾਂ ਅਤੇ ਅਦਾਕਾਰਾਂ ਨੇ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਅਤੇ ਕਈ ਆਪਣੀਆਂ ਟੀਮਾਂ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇ ਹੋਏ ਹਨ। ਉੱਘੇ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਕੋਸ਼ ਵਿੱਚ 25ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਆਪਣੀ ਫਾਉਂਡੇਸ਼ਨ ਦੇ ਨਾਲ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ।

ਸਤਿੰਦਰ ਸਰਤਾਜ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟਸ ‘ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ। ਇਸੇ ਤਰ੍ਹਾਂ ਗਾਇਕ ਰੇਸ਼ਮ ਸਿੰਘ ਅਨਮੋਲ ਖਾਲਸਾ ਏਡ ਦੀ ਟੀਮ ਨਾਲ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ। ਇਨ੍ਹਾਂ ਦੀ ਟੀਮ ਦੇ ਨਾਲ ਲਵ ਗਿੱਲ ਵੀ ਲੋਕਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਪ੍ਰਸਿੱਧ ਗਾਇਕ ਜਸਬੀਰ ਜੱਸੀ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਨਿਕਲੇ ਹੋਏ ਹਨ। ਜੱਸੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਨੇ ਵੀ ਉਨ੍ਹਾਂ ਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਹੈ। ਉੱਘੇ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਟੀਮ ਵੀ ਮਾਝਾ ਖੇਤਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਰਹੀ ਹੈ। ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਪਸ਼ੂਆਂ ਦਾ ਚਾਰਾ ਲੈ ਕੇ ਵੱਖ ਵੱਖ ਥਾਵਾਂ ‘ਤੇ ਪਹੁੰਚ ਰਹੇ ਹਨ। ਇਨ੍ਹਾਂ ਵਾਂਗ ਹੀ ਹੜ੍ਹ ਪੀੜਤਾਂ ਦੀ ਮਦਦ ਲਈ ਬੱਬੂ ਮਾਨ ਅਤੇ ਰਣਜੀਤ ਬਾਵਾ ਜੋ ਵਿਦੇਸ਼ੀ ਟੂਰ ‘ਤੇ ਹਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਇੱਕ ਇੱਕ ਸ਼ੋਅ ਦੇ ਪੈਸੇ ਹੜ੍ਹ ਪੀੜਤਾਂ ਦੀ ਮਦਦ ਲਈ ਦੇਣਗੇ।

ਇਨ੍ਹਾਂ ਦੇ ਇਲਾਵਾ ਕਰਨ ਔਜਲਾ, ਜੱਸ ਬਾਜਵਾ , ਇੰਦਰਜੀਤ ਨਿੱਕੂ ਅਤੇ ਕਈ ਹੋਰ ਨਾਮੀ ਗਾਇਕ ਅਤੇ ਅਦਾਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਨਿਕਲੇ ਹੋਏ ਹਨ। ਪੰਜਾਬੀ ਪਿਛੋਕੜ ਵਾਲੇ ਨਾਮੀ ਅਦਾਕਾਰ ਸੰਜੇ ਦੱਤ ਭਾਵੇਂ ਮੁਬੰਈ ਵਿੱਚ ਬੈਠੇ ਹਨ ਉਨ੍ਹਾਂ ਦਾ ਦਿਲ ਅੱਜ ਪੰਜਾਬ ਜੁੜਿਆ ਹੋਇਆ ਹੈ, ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀ ਹੜ੍ਹਾਂ ਦੀ ਸਥਿਤੀ ਵੇਖ ਮਨ ਦੁਖੀ ਹੋਇਆ ਹੈ। ਸੰਜੇ ਦੱਤ ਨੇ ਕਿਹਾ ਕਿ ਮੇਰੀ ਹਮਦਰਦੀ ਹੜ੍ਹ ਪੀੜਤਾਂ ਦੇ ਨਾਲ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਤਿਆਰ ਹਾਂ। ਫਿਲਮ ਨਿਰਮਾਤਾ ਰਾਜ ਕੁੰਦਰਾ ਜਿਨ੍ਹਾਂ ਦੀ ਫਿਲਮ ਮੇਹਰ ਰਿਲੀਜ਼ ਹੋਣ ਵਾਲੀ ਸੀ ਨੇ ਇਸ ਮਾੜੀ ਸਥਿਤੀ ਦੇ ਮੱਦੇਨਜ਼ਰ ਫਿਲਮ ਰਿਲੀਜ਼ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ ਅਤੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਹੜ੍ਹ ਪੀੜਤਾਂ ਦੀ ਮਦਦ ਲਈ ਦੇਣਗੇ।ਪੰਜਾਬੀ ਗਾਇਕ ਅਤੇ ਅਦਾਕਾਰ ਜਿੱਥੇ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਹਨ ਉੱਥੇ ਔਖੀ ਘੜੀ ਵਿੱਚ ਆਪਣੀ ਕੌਮ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੇ ਨਜ਼ਰ ਆਉਂਦੇ ਹਨ। ਜੇਕਰ ਪੰਜਾਬੀ ਲੋਕਾਂ ਨੇ ਇਨ੍ਹਾਂ ਨੂੰ ਆਰਥਿਕ ਤੌਰ ‘ਤੇ ਸਮਰੱਥ ਬਣਾਇਆ ਹੈ ਤਾਂ ਇਹ ਕਲਾਕਾਰ ਵੀ ਮੁਸੀਬਤ ਸਮੇਂ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਪਣੇ ਹੱਥ ਅੱਗੇ ਵਧਾਉਂਦੇ ਆ ਰਹੇ ਹਨ। ਕਿਸਾਨ ਅੰਦੋਲਨ ਸਮੇਂ ਵੀ ਤਕਰੀਬਨ ਸਾਰੇ ਹੀ ਗਾਇਕਾਂ ਅਤੇ ਅਦਾਕਾਰਾਂ ਨੇ ਕਿਸਾਨਾਂ ਦੀ ਮਾਲੀ ਮਦਦ ਵੀ ਕੀਤੀ ਸੀ ਤੇ ਕਿਸਾਨਾਂ ਦੇ ਅੰਦੋਲਨ ਵਿੱਚ ਵੀ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਹੀ ਜਦੋਂ ਭਾਈ ਗੁਰਬਖਸ਼ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ‘ਤੇ ਬੈਠੇ ਸਨ ਤਾਂ ਇਹ ਕਲਾਕਾਰ ਉਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਪਹੁੰਚੇ ਸਨ। ਅਸੀਂ ਆਪਣੇ ਪੰਜਾਬੀ ਕਲਾਕਾਰਾਂ ਦੀ ਸੇਵਾ ਭਾਵਨਾ ਨੂੰ ਸਲੂਟ ਕਰਦੇ ਹਾਂ।

ਕੁਲਵੰਤ ਸਿੰਘ ਗੱਗੜਪੁਰੀ

Continue Reading