News
ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦਾ ਕਹਿਰ
ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦਾ ਕਹਿਰ ਜਾਰੀ ਹੈ। ਲਗਾਤਾਰ ਭਾਰੀ ਮੀਂਹ ਕਾਰਨ ਦਰੱਖਤ ਡਿੱਗਣ ਅਤੇ ਨਦੀਆਂ-ਨਾਲਿਆਂ ਦੇ ਓਵਰਫਲੋਅ ਹੋਣ ਕਾਰਨ ਸੂਬੇ ਭਰ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਕੁਦਰਤੀ ਆਫ਼ਤ ਕਾਰਨ ਸੂਬੇ ਦੀਆਂ ਬੁਨਿਆਦੀ ਸਹੂਲਤਾਂ ਢਹਿ-ਢੇਰੀ ਹੋ ਗਈਆਂ ਹਨ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੀ ਰਿਪੋਰਟ ਅਨੁਸਾਰ ਬੁੱਧਵਾਰ ਸ਼ਾਮ ਤੱਕ ਰਾਜ ਭਰ ਵਿੱਚ ਕੁੱਲ 112 ਸੜਕਾਂ, 189 ਬਿਜਲੀ ਟਰਾਂਸਫਾਰਮਰ ਅਤੇ 61 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਪੂਰੀ ਤਰ੍ਹਾਂ ਬੰਦ ਰਹੀਆਂ। ਜਾਣਕਾਰੀ ਅਨੁਸਾਰ ਸਵੇਰੇ 168 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਬਹਾਲ ਕਰ ਦਿੱਤਾ ਗਿਆ, ਜਿਸ ਕਾਰਨ ਸ਼ਾਮ ਤੱਕ ਬੰਦ ਹੋਈਆਂ ਸੜਕਾਂ ਦੀ ਗਿਣਤੀ 112 ਰਹਿ ਗਈ। ਹਾਲਾਂਕਿ ਬਿਜਲੀ ਅਤੇ ਪਾਣੀ ਦੀ ਸਪਲਾਈ ਦੀ ਸਮੱਸਿਆ ਵਧ ਗਈ ਹੈ।
ਮੰਡੀ, ਸੋਲਨ ਤੇ ਸਿਰਮੌਰ ਸਭ ਤੋਂ ਵੱਧ ਪ੍ਰਭਾਵਿਤ, ਪਾਉਂਟਾ ਸਾਹਿਬ ‘ਚ ਸਕੂਲ ਬੰਦ
ਜੇਕਰ ਜ਼ਿਲ•ਾ ਪੱਧਰੀ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਸੜਕੀ ਸੰਪਰਕ ਟੁੱਟਣ ਕਾਰਨ ਸਭ ਤੋਂ ਵੱਡੀ ਸਮੱਸਿਆ ਮੰਡੀ ਜ਼ਿਲ੍ਹੇ ਦੀ ਹੈ, ਜਿੱਥੇ 37 ਸੜਕਾਂ ਜਾਮ ਹਨ। ਇਸ ਦੇ ਨਾਲ ਹੀ ਸੋਲਨ ਜ਼ਿਲੇ ਦੇ ਕਈ ਇਲਾਕਿਆਂ ‘ਚ 90 ਬਿਜਲੀ ਟਰਾਂਸਫਾਰਮਰ ਖਰਾਬ ਹੋਣ ਕਾਰਨ ਬਲੈਕਆਊਟ ਦੀ ਸਥਿਤੀ ਬਣੀ ਹੋਈ ਹੈ। ਇਸ ਤੋਂ ਇਲਾਵਾ ਸਿਰਮੌਰ ਜ਼ਿਲ੍ਹੇ ਦੀਆਂ 27 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਵਿਚ ਵਿਘਨ ਪੈਣ ਕਾਰਨ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ।
