News
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਲਈ 35.50 ਕਰੋੜ ਰੁਪਏ ਦੀ ਹੋਰ ਰਾਸ਼ੀ ਜਾਰੀ ਕੀਤੀ
PUNJAB FLOOD :ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵੀਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸੂਬੇ ਨੂੰ ਸੰਕਟ ਤੋਂ ਉਭਰਨ ਵਾਸਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮਾਝੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਤੇ ਕਪੂਰਥਲਾ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦੀ ਸਮੀਖਿਆ ਕਰਨ ਵਾਸਤੇ ਦੋ ਕੇਂਦਰੀ ਟੀਮਾਂ ਵੀ ਪੰਜਾਬ ਵਿੱਚ ਭੇਜੀਆਂ ਹਨ। ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੁੱਚੀ ਰਿਪੋਰਟ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪੀ ਜਾਏਗੀ। ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਵਾਸਤੇ ਭੇਜਿਆ ਹੈ। ਉਨ੍ਹਾਂ ਨਾਲ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਆਗੂ ਤਰੁਣ ਚੁੱਘ, ਸੁਨੀਲ ਜਾਖੜ ਅਤੇ ਹੋਰ ਆਗੂ ਸ਼ਾਮਲ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਨੇ ਆਖਿਆ ਕਿ ਪੰਜਾਬ ਹਮੇਸ਼ਾ ਹੀ ਭਾਰਤ ਦਾ ਗੌਰਵ ਰਿਹਾ ਹੈ ਅਤੇ ਜਦੋਂ ਵੀ ਦੇਸ਼ ’ਤੇ ਸੰਕਟ ਆਇਆ ਤਾਂ ਸਭ ਤੋਂ ਪਹਿਲਾਂ ਪੰਜਾਬ ਨੇ ਇਸ ਨੂੰ ਆਪਣੇ ਸੀਨੇ ’ਤੇ ਝੱਲਿਆ ਹੈ। ਸੂਬੇ ਦੇ ਲੋਕ ਪੀੜਤ ਮਨੁੱਖਤਾ ਦੀ ਸੇਵਾ ਵਾਸਤੇ ਸਦਾ ਹੀ ਅੱਗੇ ਰਹੇ ਹਨ ਅਤੇ ਦੇਸ਼ ਵਾਸਤੇ ਵਧ-ਚੜ੍ਹ ਕੇ ਕੰਮ ਕੀਤਾ ਹੈ। ਪੰਜਾਬ ਦੇ ਲੋਕਾਂ ਦੀ ਭਾਵਨਾ ਅੱਗੇ ਹਮੇਸ਼ਾ ਨਤਮਸਤਕ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਜਦੋਂ ਸੂਬਾ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਦੀ ਬਾਂਹ ਫੜੀ ਜਾਵੇਗੀ। ਉਨ੍ਹਾਂ ਕਿਹਾ ਕਿ 1400 ਪਿੰਡ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਨਾਲ ਹਿ ਉਨ੍ਹਾਂ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਨੂੰ 35.50 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਹੁਣ ਸਭ ਤੋਂ ਵੱਧ ਪ੍ਰਭਾਵਿਤ 12 ਜ਼ਿਲ੍ਹਿਆਂ ਲਈ 35.50 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ ਕੀਤੀ ਗਈ ਹੈ।
