Punjab
ਪਹਿਲੇ ਗੁਰੂ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ- ਨੌਵੇਂ ਗੁਰੂ ਨੇ ਜਨੇਊ ਕਿਉੰ ਬਚਾਇਆ ?
ਗੁਰੂ ਤੇਗ ਬਹਾਦਰ ਸਾਹਿਬ ਦਾ 350 ਵਾਂ ਸ਼ਹੀਦੀ ਦਿਹਾੜਾ 25 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਆਯੋਜਿਤ ਕੀਤੇ ਜਾ ਰਹੇ ਹਨ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਲੋਕਾਂ ਵੱਲੋਂ ਇੱਕ ਸਵਾਲ ਕੀਤਾ ਜਾ ਰਿਹਾ ਹੈ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਅਤੇ ਜਨੇਊ ਨੂੰ ਬਚਾਉਣ ਵਾਸਤੇ ਕੁਰਬਾਨੀ ਕਿਉੰ ਦਿੱਤੀ? ਸਿੱਖੀ ਦਾ ਮਾਰਗ ਦੁਨੀਆਂ ਦੇ ਧਰਮਾਂ ਤੋਂ ਵੱਖਰਾ ਤੇ ਨਿਵੇਕਲਾ ਹੈ। ਇਹ ਧਰਮ ਸ਼ੁਰੂ ਹੀ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਹੋਇਆ ਸੀ। ਗੁਰੂ ਤੇਗ ਬਹਾਦਰ ਜੀ ਵੱਲੋਂ ਜਨੇਊ ਨੂੰ ਬਚਾਉਣ ਲਈ ਕੁਰਬਾਨੀ ਇਸ ਲਈ ਨਹੀਂ ਦਿੱਤੀ ਗਈ ਕਿ ਉਹ ਜਨੇਊ ਪਾਉਣ ਦੇ ਹੱਕ ਵਿੱਚ ਸਨ ਸਗੋਂ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਧੱਕੇ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ। ਉਨ੍ਹਾਂ ਦਿਨਾਂ ਵਿੱਚ ਹਿੰਦੂ ਧਰਮ ਵਿੱਚ ਗਿਰਾਵਟ ਆ ਚੁੱਕੀ ਸੀ। ਜਾਤ ਪਾਤ ਦਾ ਬੋਲਬਾਲਾ ਸੀ, ਸਤੀ ਪ੍ਰਥਾ ਜ਼ੋਰਾਂ ਤੇ ਸੀ ਜਦੋਂ ਕਿਸੇ ਹਿੰਦੂ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਔਰਤ ਨੂੰ ਜਿਉਂਦਿਆ ਹੀ ਚਿਤਾ ਵਿੱਚ ਬਿਠਾ ਕੇ ਜਲਾ ਦਿੱਤਾ ਜਾਂਦਾ ਸੀ, ਬਾਲ ਵਿਆਹ ਦੀ ਰੀਤ ਸੀ ਬਾਰ੍ਹਾਂ ਬਾਰ੍ਹਾਂ ਤੇਰ੍ਹਾਂ ਤੇਰ੍ਹਾਂ ਸਾਲ ਦੀਆਂ ਬੱਚੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਸਨ, ਦਾਸੀ ਪ੍ਰਥਾ ਦੀ ਬੁਰਾਈ ਵੀ ਸਮਾਜ ਅੰਦਰ ਜ਼ੋਰਾਂ ‘ਤੇ ਸੀ ਔਰਤ ਨੂੰ ਪੂਜਾਰੀ ਦੀ ਹਵਸ਼ ਦਾ ਸ਼ਿਕਾਰ ਹੋਣਾ ਪੈਂਦਾ ਸੀ, ਸੋਹਣੀਆਂ ਕੁੜੀਆਂ ਬਾਰੇ ਪੂਜਾਰੀ ਵੱਲੋਂ ਕਹਿ ਦਿੱਤਾ ਜਾਂਦਾ ਸੀ ਕਿ ਇਸਦਾ ਵਿਆਹ ਕਰਨਾ ਖਤਰਨਾਕ ਸਾਬਤ ਹੋਵੇਗਾ ਇਸ ਲਈ ਇਹਨੂੰ ਦੇਵ ਦਾਸੀ ਬਣਾ ਦਿੱਤਾ ਜਾਵੇ ਭਾਵ ਇਸਦਾ ਵਿਆਹ ਦੇਵਤੇ ਨਾਲ ਕਰ ਦਿੱਤਾ ਜਾਵੇ, ਸੂਦਰ ਅਤੇ ਔਰਤ ਦੀ ਸਮਾਜ ਵਿੱਚ ਹਾਲਤ ਪਸ਼ੂਆਂ ਤੋਂ ਬਦਤਰ ਸੀ, ਸੂਦਰ ਅਤੇ ਔਰਤ ਨੂੰ ਧਾਰਮਿਕ ਗਰੰਥ ਪੜ੍ਹਨ ਦਾ ਅਧਿਕਾਰ ਨਹੀਂ ਸੀ। ਮਨੂੰ ਸਮ੍ਰਿਤੀਆਂ ਵਿੱਚ ਪੂਜਾਰੀ ਵਰਗ ਦੇ ਲੋਕਾਂ ਨੇ ਲਿਖ ਦਿੱਤਾ ਔਰਤ, ਸੂਦਰ ਅਤੇ ਪਸ਼ੂ ਤਾੜਨ ਦੇ ਅਧਿਕਾਰੀ ਨੇ ਭਾਵ ਇਨ੍ਹਾਂ ਨੂੰ ਡਰਾ ਕੇ ਰੱਖਣਾ ਚਾਹੀਦਾ ਹੈ, ਨਰ ਬਲੀ ਦੀ ਵੀ ਪ੍ਰਥਾ ਸੀ ਦੇਵਤਿਆਂ ਨੂੰ ਖੁਸ਼ ਕਰਨ ਲਈ ਇਨਸਾਨਾਂ ਨੂੰ ਮਾਰ ਕੇ ਬਲੀ ਦਿੱਤੀ ਜਾਂਦੀ ਸੀ।ਇਸ ਤਰ੍ਹਾਂ ਦੀਆਂ ਅਨੇਕਾਂ ਬੁਰਾਈਆਂ ਹਿੰਦੂ ਧਰਮ ਅੰਦਰ ਪੂਜਾਰੀ ਵਰਗ ਨੇ ਭਰ ਦਿੱਤੀਆਂ ਸਨ। ਔਰੰਗਜ਼ੇਬ ਹਿੰਦੂ ਧਰਮ ਨੂੰ ਖਤਮ ਕਰ ਦੇਣਾ ਚਾਹੁੰਦਾ ਸੀ। ਉਸ ਨੇ ਆਪਣੇ ਸਾਰੇ ਸੂਬੇਦਾਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਕਿ ਰੋਜ਼ਾਨਾਂ ਸਵਾ ਮਨ ਜਨੇਊ ਉਸਦੇ ਦੇ ਦਰਬਾਰ ਵਿੱਚ ਪਹੁੰਚਣੇ ਚਾਹੀਦੇ ਹਨ ਭਾਵੇਂ ਹਿੰਦੂ ਨੂੰ ਮੁਸਲਮਾਨ ਬਣਾ ਕੇ ਜਨੇਊ ਉਤਾਰੋ ਜਾਂ ਮਾਰ ਕੇ ਜਨੇਊ ਉਤਾਰੋ ਸ਼ਾਮ ਤੱਕ ਸਵਾ ਮਨ ਜਨੇਊ ਮੇਰੇ ਦਰਬਾਰ ਵਿੱਚ ਪਹੁੰਚਣੇ ਚਾਹੀਦੇ ਹਨ। ਇਸ ਪਿੱਛੋਂ ਦੇਸ਼ ਵਿੱਚ ਹਾਹਾਕਾਰ ਮੱਚ ਗਈ, ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗਾ। ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਇੱਜ਼ਤ ਕਰਦਾ ਸੀ। ਜੰਮੂ ਕਸ਼ਮੀਰ ਦੇ ਪੰਡਿਤਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਇਆ ਜਾਵੇ ਉਹ ਹੀ ਔਰੰਗਜ਼ੇਬ ਨੂੰ ਅਜਿਹਾ ਕਰਨ ਤੋਂ ਰੋਕ ਸਕਦੇ ਹਨ। ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਅਤੇ ਫ਼ਰਯਾਦ ਕੀਤੀ ਕਿ ਉਹ ਔਰੰਗਜ਼ੇਬ ਨੂੰ ਰੋਕਣ ਕਿ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਨਾ ਬਣਾਵੇ। ਗੁਰੂ ਸਾਹਿਬ ਨੇ ਕਿਹਾ ਕਿ ਉਹ ਇਸ ਤਰ੍ਹਾਂ ਮੰਨਣ ਵਾਲਾ ਨਹੀਂ ਹੈ, ਇਸ ਲਈ ਤਾਂ ਮਹਾਨ ਵਿਅਕਤੀ ਨੂੰ ਕੁਰਬਾਨੀ ਦੇਣੀ ਪਵੇਗੀ, ਕੋਲ ਬੈਠੇ ਉਨ੍ਹਾਂ ਦੇ ਸਪੁੱਤਰ ਬਾਲ ਗੋਬਿੰਦ ਰਾਇ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਮਹਾਨ ਕੌਣ ਹੈ? ਗੁਰੂ ਤੇਗ਼ ਬਹਾਦਰ ਸਾਹਿਬ ਇਹ ਸੁਣ ਕੇ ਕੁੱਝ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਲਈ ਰਵਾਨਾ ਹੋ ਗਏ। ਰਸਤੇ ਵਿੱਚ ਕਈ ਥਾਵਾਂ ਤੇ ਰੁੱਕਦੇ ਹੋਏ ਦਿੱਲੀ ਪੁੱਜੇ ਤਾਂ ਔਰੰਗਜ਼ੇਬ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਕਿਹਾ ਕਿ ਉਹ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਨਾ ਬਣਾਵੇ ਅਗਰ ਤੁਹਾਡੇ ਪ੍ਰਚਾਰ ਨਾਲ ਉਹ ਧਰਮ ਬਦਲਦੇ ਹਨ ਤਾਂ ਬਦਲ ਲੈਣ ਪਰ ਉਨ੍ਹਾਂ ਨਾਲ ਧੱਕਾ ਨਾ ਕੀਤਾ ਜਾਵੇ। ਗੁਰੂ ਸਾਹਿਬ ਨੇ ਕਿਹਾ ਕਿ ਇਹ ਜੋ ਤੁਸੀਂ ਕਰ ਰਹੇ ਹੋ ਇਹ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਹੈ।ਔਰੰਗਜ਼ੇਬ ਨੇ ਕਿਹਾ ਕਿ ਤੁਸੀਂ ਉਨ੍ਹਾਂ ਦੇ ਲੀਡਰ ਬਣ ਕੇ ਆਏ ਹੋ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਐਸਾ ਹੀ ਸਮਝ ਲਓ। ਗੁਰੂ ਸਾਹਿਬ ਨੂੰ ਇੱਕ ਪਿੰਜਰੇ ਵਿੱਚ ਕੈਦ ਕਰ ਲਿਆ ਗਿਆ। ਉਨ੍ਹਾਂ ਨੂੰ ਡਰਾਉਣ ਵਾਸਤੇ ਉਨ੍ਹਾਂ ਦੇ ਨਾਲ ਗਏ ਸਿੱਖਾਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਦਿੱਤਾ ਗਿਆ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਬੰਨ ਕੇ ਜਿਉਂਦਿਆ ਜਲਾ ਦਿੱਤਾ ਗਿਆ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਜ਼ਰਾ ਨਹੀਂ ਡੋਲੇ। ਇਸ ਪਿੱਛੋਂ ਔਰੰਗਜੇਬ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਸਿੱਖਾਂ ਦੇ ਗੁਰੂ ਹੋ ਜੇਕਰ ਤੁਹਾਡੇ ਅੰਦਰ ਰੂਹਾਨੀ ਸ਼ਕਤੀ ਹੈ ਤਾਂ ਕਰਾਮਾਤ ਦਿਖਾਓ। ਗੁਰੂ ਸਾਹਿਬ ਨੇ ਕਿਹਾ ਕਿ ਇੱਕ ਕਾਗਜ਼ ਅਤੇ ਧਾਗਾ ਲਿਆਓ। ਗੁਰੂ ਸਾਹਿਬ ਨੇ ਕਾਗਜ਼ ਉੱਪਰ ਕੁੱਝ ਲਿਖ ਕੇ ਧਾਗੇ ਨਾਲ ਬੰਨ ਕੇ ਕੇ ਗਲ ਵਿੱਚ ਪਾ ਲਿਆ ਅਤੇ ਕਿਹਾ ਹੁਣ ਤੇਰੀ ਤਲਵਾਰ ਮੇਰਾ ਸੀਸ ਨਹੀਂ ਕੱਟ ਸਕਦੀ। ਔਰੰਗਜੇਬ ਨੇ ਜਲਾਦ ਨੂੰ ਹੁਕਮ ਦਿੱਤਾ, ਤਲਵਾਰ ਚੱਲੀ ਅਤੇ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ। ਜਦੋਂ ਉਨ੍ਹਾਂ ਦੇ ਗਲ ਵਿੱਚ ਧਾਗੇ ਨਾਲ ਬੰਨਿਆ ਕਾਗਜ਼ ਵੇਖਿਆ ਗਿਆ ਤਾਂ ਉਸ ਉੱਪਰ ਲਿਖਿਆ ਸੀ,”ਸਿਰ ਦੀਆ ਪਰ ਸਿਰਰੁ ਨਾ ਦੀਆ।।” ਕਹਿੰਦੇ ਹਨ ਕਿ ਉਸ ਸਮੇਂ ਤੇਜ਼ ਹਨ੍ਹੇਰੀ ਚੱਲੀ, ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਚੁੱਕਿਆ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਅਤੇ ਹੋਰ ਸਿੱਖਾਂ ਨੇ ਗੁਰੂ ਜੀ ਦਾ ਸਰੀਰ ਚੁੱਕ ਲਿਆ। ਭਾਈ ਜੈਤਾ ਸੀਸ ਲੈ ਕੇ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਗਏ ਅਤੇ ਲੱਖੀ ਸ਼ਾਹ ਵਣਜਾਰਾ ਨੇ ਗੁਰੂ ਜੀ ਦੇ ਸਰੀਰ ਨੂੰ ਆਪਣੀ ਹਵੇਲੀ ਵਿੱਚ ਲਿਜਾ ਕੇ ਹਵੇਲੀ ਨੂੰ ਅੱਗ ਲਗਾ ਦਿੱਤੀ, ਇਸ ਤਰ੍ਹਾਂ ਗੁਰੂ ਸਾਹਿਬ ਦੇ ਸਰੀਰ ਦਾ ਸਸਕਾਰ ਕਰ ਦਿੱਤਾ ਗਿਆ। ਉਸ ਜਗ੍ਹਾ ‘ਤੇ ਹੁਣ ਗੁਰੂਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ। ਇਸ ਤਰ੍ਹਾਂ 25 ਨਵੰਬਰ 1675 ਨੂੰ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦੇ ਦਿੱਤੀ। ਗੁਰੂ ਸਾਹਿਬ ਨੇ ਇਸ ਲਈ ਸ਼ਹਾਦਤ ਨਹੀਂ ਦਿੱਤੀ ਕਿ ਉਹ ਜਨੇਊ ਪਾਉਣ ਦੇ ਹਾਮੀ ਸਨ। ਉਹ ਤਾਂ ਔਰੰਗਜ਼ੇਬ ਨੂੰ ਸਮਝਾਉਂਦੇ ਰਹੇ ਸਨ ਕਿ ਤੂੰ ਪ੍ਰਚਾਰ ਰਾਹੀਂ ਅਗਰ ਕਿਸੇ ਦਾ ਧਰਮ ਬਦਲ ਸਕਦਾ ਹੈ ਤਾਂ ਬਦਲ ਲੈ ਲੇਕਿਨ ਜ਼ਬਰੀ ਧਰਮ ਬਦਲਣਾ ਮਨੁੱਖੀ ਅਧਿਕਾਰਾਂ ਦਾ ਘਾਣ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਮਨੁੱਖੀ ਹੱਕਾਂ ਦੀ ਰਾਖੀ ਲਈ ਦਿੱਤੀ ਸੀ ਜਨੇਊ ਲਈ ਨਹੀਂ।

