Connect with us

News

ਟਰੰਪ ਵੱਲੋਂ ਅਣਐਲਾਨੀ ਜੰਗ ਭਾਰਤ ਸਮੇਤ ਬਾਕੀ ਸੰਸਾਰ ਹਾਰਦਾ ਨਜ਼ਰ ਆ ਰਿਹਾ ਏ..!

Published

on

ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ, ਦੁਨੀਆ ਨੂੰ ਇੱਕ ਅਣ ਐਲਾਨੀ ਜੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜੰਗ ਨਾ ਟੈਂਕਾ ਨਾਲ, ਨਾ ਬੰਬਾਂ ਦੇ ਧਮਾਕਿਆਂ ਨਾਲ ਹੋ ਰਹੀ, ਸਗੋਂ ਚੁੱਪਚਾਪ ਡਾਲਰ ਦੀ ਤਾਕਤ ਰਾਹੀਂ ਹੋ ਰਹੀ ਹੈ।ਅਮਰੀਕੀ ਡਾਲਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਤੇ ਭਾਰਤੀ ਰੁਪਏ ਸਮੇਤ ਕਈ ਦੇਸ਼ਾਂ ਦੀਆਂ ਕਰੰਸੀਜ਼ ਲਗਾਤਾਰ ਦਬਾਅ ਵਿੱਚ ਆਉਂਦੀਆਂ ਜਾ ਰਹੀਆਂ ਹਨ। ਇਹ ਕੋਈ ਆਮ ਆਰਥਿਕ ਉਤਾਰ-ਚੜ੍ਹਾਅ ਨਹੀਂ ਸੀ, ਸਗੋਂ ਇੱਕ ਅਣਐਲਾਨੀ ਕਰੰਸੀ ਜੰਗ ਹੈ, ਜਿਸਦਾ ਮੈਦਾਨ ਪੂਰੀ ਦੁਨੀਆ ਹੈ ਅਤੇ ਹਥਿਆਰ ਸਿਰਫ਼ ਕਰੰਸੀ।

ਟਰੰਪ ਦੀ ਸੋਚ ਬਹੁਤ ਸਾਫ਼ ਅਤੇ ਸਖ਼ਤ ਹੈ—America First। ਇਸ ਨਾਅਰੇ ਦੇ ਅੰਦਰ ਇੱਕ ਪੂਰੀ ਗਲੋਬਲ ਰਣਨੀਤੀ ਲੁਕੀ ਹੋਈ ਸੀ। ਅਮਰੀਕਾ ਚਾਹੁੰਦਾ ਹੈ ਕਿ ਦੁਨੀਆ ਦੀ ਪੂੰਜੀ ਵਾਪਸ ਉਸਦੇ ਦਰਵਾਜ਼ੇ ’ਤੇ ਆ ਕੇ ਖੜ੍ਹੀ ਹੋਵੇ, ਨਿਵੇਸ਼ਕਾਂ ਨੂੰ ਇਹ ਸੰਦੇਸ਼ ਮਿਲੇ ਕਿ ਸਭ ਤੋਂ ਸੁਰੱਖਿਅਤ ਥਾਂ ਅਮਰੀਕਾ ਹੈ ਅਤੇ ਸਭ ਤੋਂ ਭਰੋਸੇਮੰਦ ਕਰੰਸੀ ਡਾਲਰ। ਜਿਵੇਂ ਹੀ ਇਹ ਨੀਤੀ ਅਮਲ ਵਿੱਚ ਆਈ, ਦੁਨੀਆ ਦੀਆਂ ਮਾਰਕੀਟਾਂ ਦਾ ਸੰਤੁਲਨ ਡੋਲਣ ਲੱਗ ਪਿਆ।

ਇਸ ਕਰੰਸੀ ਜੰਗ ਦਾ ਪਹਿਲਾ ਅਤੇ ਸਭ ਤੋਂ ਤਾਕਤਵਰ ਹਥਿਆਰ ਵਿਆਜ਼ ਦਰਾਂ ਬਣੀਆਂ। ਅਮਰੀਕੀ Federal Reserve ਨੇ ਦਰਾਂ ਉੱਚੀਆਂ ਰੱਖੀਆਂ, ਜਿਸ ਨਾਲ ਡਾਲਰ ’ਚ ਨਿਵੇਸ਼ ਕਰਨਾ ਹੋਰ ਆਕਰਸ਼ਕ ਬਣ ਗਿਆ। ਜਿੱਥੇ ਭਾਰਤ, ਬ੍ਰਾਜ਼ੀਲ, ਤੁਰਕੀ ਜਾਂ ਇੰਡੋਨੇਸ਼ੀਆ ਵਰਗੇ ਦੇਸ਼ ਵਿਦੇਸ਼ੀ ਪੂੰਜੀ ਖਿੱਚਣ ਲਈ ਸੰਘਰਸ਼ ਕਰ ਰਹੇ ਸਨ, ਉੱਥੇ ਅਮਰੀਕਾ ਨਿਵੇਸ਼ਕਾਂ ਲਈ ਇੱਕ ਸੁਰੱਖਿਅਤ ਬੰਦਰਗਾਹ ਬਣ ਗਿਆ। ਪੂੰਜੀ ਦਾ ਵਹਾਅ ਉਭਰਦੀਆਂ ਅਰਥਵਿਵਸਥਾਵਾਂ ਤੋਂ ਨਿਕਲ ਕੇ ਡਾਲਰ ਵੱਲ ਮੁੜ ਗਿਆ। ਨਤੀਜਾ ਸਾਫ਼ ਸੀ—ਡਾਲਰ ਦੀ ਮੰਗ ਵਧੀ ਅਤੇ ਰੁਪਇਆ ਸਮੇਤ ਹੋਰ ਕਰੰਸੀਜ਼ ਕਮਜ਼ੋਰ ਹੋ ਗਈਆਂ।

ਫਿਰ ਟਰੰਪ ਨੇ ਟੈਕਸ ਨੀਤੀ ਨੂੰ ਹਥਿਆਰ ਬਣਾਇਆ। ਇੱਕ ਝਟਕੇ ਵਿੱਚ ਅਮਰੀਕੀ ਕਾਰਪੋਰੇਟ ਟੈਕਸ ਘਟਾ ਦਿੱਤਾ ਗਿਆ। ਜੋ ਅਮਰੀਕੀ ਕੰਪਨੀਆਂ ਆਪਣਾ ਪੈਸਾ ਸਾਲਾਂ ਤੋਂ ਵਿਦੇਸ਼ਾਂ ਵਿੱਚ ਰੱਖ ਕੇ ਬੈਠੀਆਂ ਸਨ, ਉਹਨਾਂ ਲਈ ਪੈਸਾ ਵਾਪਸ ਲਿਆਉਣਾ ਫ਼ਾਇਦੇਮੰਦ ਬਣ ਗਿਆ। ਇਹ ਸੀ ਪੂੰਜੀ ਦੀ “ਘਰ ਵਾਪਸੀ”। ਡਾਲਰ ਦੁਨੀਆ ਭਰ ਤੋਂ ਵਾਪਸ ਅਮਰੀਕਾ ਵੱਲ ਦੌੜਿਆ। ਪਰ ਜਿੱਥੇ ਡਾਲਰ ਵਾਪਸ ਗਿਆ, ਉੱਥੇ ਉਭਰਦੀਆਂ ਅਰਥਵਿਵਸਥਾਵਾਂ ਵਿੱਚ ਡਾਲਰ ਦੀ ਕਮੀ ਹੋ ਗਈ। ਕਰਜ਼ੇ ਮਹਿੰਗੇ ਹੋਏ, ਆਯਾਤ ਮਹਿੰਗੀ ਹੋਈ ਅਤੇ ਮੁਦਰਾ ਹੋਰ ਕਮਜ਼ੋਰ ਪੈ ਗਈ।

ਟਰੰਪ ਇੱਥੇ ਨਹੀਂ ਰੁਕੇ। ਟਰੇਡ ਵਾਰ ਨੂੰ ਵੀ ਇਸ ਕਰੰਸੀ ਜੰਗ ਦਾ ਹਿੱਸਾ ਬਣਾਇਆ ਗਿਆ। ਚੀਨ, ਭਾਰਤ ਅਤੇ ਕਈ ਹੋਰ ਦੇਸ਼ਾਂ ਉੱਪਰ ਟੈਰਿਫ਼, ਯੂਰਪ ਨੂੰ ਧਮਕੀਆਂ, ਕਈ ਵਾਰ ਆਪਣੇ ਹੀ ਸਾਥੀਆਂ ਨਾਲ ਤਣਾਅ—ਇਸ ਸਭ ਨੇ ਦੁਨੀਆ ਭਰ ਵਿੱਚ ਅਣਸ਼ਚਿਤਤਾ ਦਾ ਮਾਹੌਲ ਪੈਦਾ ਕੀਤਾ। ਗਲੋਬਲ ਮਾਰਕੀਟਾਂ ਨੂੰ ਇੱਕ ਗੱਲ ਬਾਖ਼ੂਬੀ ਪਤਾ ਹੈ—ਜਦੋਂ ਡਰ ਪੈਦਾ ਹੁੰਦਾ ਹੈ, ਤਾਂ ਪੂੰਜੀ ਸੁਰੱਖਿਆ ਲੱਭਦੀ ਹੈ ਅਤੇ ਜਦੋਂ ਸੁਰੱਖਿਆ ਦੀ ਗੱਲ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ ਅਮਰੀਕੀ ਡਾਲਰ। ਡਰ ਵਧਿਆ, ਡਾਲਰ ਮਜ਼ਬੂਤ ਹੋਇਆ ਅਤੇ ਬਾਕੀ ਕਰੰਸੀਜ਼ ਹੋਰ ਦਬ ਗਈਆਂ।

ਇਸ ਅਣਐਲਾਨੀ ਜੰਗ ਵਿੱਚ ਤੇਲ ਵੀ ਇੱਕ ਅਹਿਮ ਹਥਿਆਰ ਬਣਿਆ। ਦੁਨੀਆ ਦੀ ਵੱਡੀ ਊਰਜਾ ਖਰੀਦ-ਫ਼ਰੋਖ਼ਤ ਅੱਜ ਵੀ ਡਾਲਰ ਵਿੱਚ ਹੁੰਦੀ ਹੈ। ਟਰੰਪ ਨੇ ਤੇਲ ਉਤਪਾਦਕ ਦੇਸ਼ਾਂ ’ਤੇ ਰਾਜਨੀਤਕ ਅਤੇ ਕੂਟਨੀਤਕ ਦਬਾਅ ਵਧਾ ਕੇ ਇਹ ਯਕੀਨੀ ਬਣਾਇਆ ਕਿ ਡਾਲਰ ਦੀ ਲੋੜ ਕਾਇਮ ਰਹੇ। ਜਿਹੜੇ ਦੇਸ਼ ਤੇਲ ਖਰੀਦਦੇ ਹਨ, ਉਹਨਾਂ ਨੂੰ ਡਾਲਰ ਚਾਹੀਦਾ ਹੈ ਅਤੇ ਜਿਹੜੇ ਡਾਲਰ ਚਾਹੁੰਦੇ ਹਨ, ਉਹਨਾਂ ਨੂੰ ਆਪਣੀ ਕਰੰਸੀ ਕੁਰਬਾਨ ਕਰਨੀ ਪੈਂਦੀ ਹੈ। ਭਾਰਤ ਵਰਗੇ ਦੇਸ਼ਾਂ ਲਈ, ਜੋ ਤੇਲ ਆਯਾਤ ’ਤੇ ਨਿਰਭਰ ਹਨ, ਡਾਲਰ ਦੀ ਮਜ਼ਬੂਤੀ ਦਾ ਮਤਲਬ ਸਿੱਧਾ-ਸਿੱਧਾ ਮਹਿੰਗਾਈ ਅਤੇ ਵਧਦਾ ਵਪਾਰ ਘਾਟਾ ਹੈ।

ਇਸ ਸਾਰੀ ਤਸਵੀਰ ਵਿੱਚ ਭਾਰਤੀ ਰੁਪਇਆ ਸਿਰਫ਼ ਇੱਕ ਉਦਾਹਰਣ ਹੈ। ਅਸਲ ਗੱਲ ਇਹ ਹੈ ਕਿ ਟਰੰਪ ਦੌਰ ਵਿੱਚ ਅਮਰੀਕਾ ਨੇ ਸਾਫ਼ ਸੰਦੇਸ਼ ਦਿੱਤਾ—ਗਲੋਬਲਾਈਜ਼ੇਸ਼ਨ ਤਦ ਤੱਕ ਠੀਕ ਹੈ, ਜਦ ਤੱਕ ਉਸਦਾ ਫ਼ਾਇਦਾ ਅਮਰੀਕਾ ਨੂੰ ਮਿਲੇ। ਡਾਲਰ ਸਿਰਫ਼ ਕਰੰਸੀ ਨਹੀਂ ਰਿਹਾ, ਉਹ ਇੱਕ ਹਥਿਆਰ ਬਣ ਗਿਆ। ਇਸ ਜੰਗ ਵਿੱਚ ਨਾ ਗੋਲੀਆਂ ਚਲੀਆਂ, ਨਾ ਸਰਹੱਦਾਂ ਬਦਲੀਆਂ, ਪਰ ਅਰਥਵਿਵਸਥਾਵਾਂ ਜ਼ਰੂਰ ਜ਼ਖ਼ਮੀ ਹੋਈਆਂ।

ਆਖਿਰਕਾਰ ਇਹ ਕਰੰਸੀ ਜੰਗ ਇਹ ਸਵਾਲ ਛੱਡ ਜਾਂਦੀ ਹੈ ਕਿ ਕੀ ਦੁਨੀਆ ਵਾਕਿਆ ਹੀ ਇੱਕ ਹੀ ਦੇਸ਼ ਦੀ ਮਰਜ਼ੀ ’ਤੇ ਚੱਲ ਸਕਦੀ ਹੈ? ਜਾਂ ਫਿਰ ਉਭਰਦੀਆਂ ਅਰਥਵਿਵਸਥਾਵਾਂ ਨੂੰ ਡਾਲਰ ਦੀ ਇਸ ਤਾਕਤ ਦੇ ਮੁਕਾਬਲੇ ਲਈ ਨਵਾਂ ਰਸਤਾ ਲੱਭਣਾ ਪਵੇਗਾ? ਟਰੰਪ ਨੇ ਇਹ ਜੰਗ ਐਲਾਨੇ ਬਿਨਾਂ ਲੜੀ, ਪਰ ਇਸਦੇ ਨਤੀਜੇ ਅੱਜ ਵੀ ਡਿੱਗਦੇ ਰੁਪਏ ਵਿੱਚ ਸਾਫ਼ ਨਜ਼ਰ ਆ ਰਹੇ ਹਨ।

ਕੁਲਵੰਤ ਸਿੰਘ ਗੱਗੜਪੁਰੀ