Punjab
ਮਾਨ ਦੀ ਅਕਾਲ ਤਖ਼ਤ ਵਿਖੇ ਪੇਸ਼ੀ: ਪੁਲਿਸ ਲਈ ਅਗਨੀ-ਪਰੀਖਿਆ, ਸੰਜ਼ਮ ਹੀ ਸਭ ਤੋਂ ਵੱਡਾ ਹਥਿਆਰ
ਕੱਲ੍ਹ 15 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣ ਜਾ ਰਹੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮਾਨ ਨੂੰ ਤਲਬ ਕੀਤਾ ਗਿਆ ਹੈ। ਇਹ ਤਲਬੀ ਉਸ ਸਮੇਂ ਹੋਈ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀ ਏ ਅਤੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਸਤਿੰਦਰ ਸਿੰਘ ਕੋਹਲੀ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।
ਕੋਹਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਦੋਸ਼-ਪ੍ਰਤੀਦੋਸ਼ ਦੀ ਸਿਆਸੀ ਤੇ ਬਿਆਨੀ ਜੰਗ ਤੇਜ਼ ਹੋ ਗਈ। ਜਥੇਦਾਰ ਸਾਹਿਬ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਚੈਲੰਜ ਕੀਤਾ ਹੈ—ਚਾਹੇ ਉਹ ਗੋਲਕ ਦੇ ਪੈਸੇ ਦੀ ਦੁਰਵਰਤੋ ਬਾਰੇ ਬਿਆਨ ਹੋਣ, ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਜੁੜੀ ਇੱਕ ਵਿਵਾਦਿਤ ਵੀਡੀਓ ਦਾ ਮਾਮਲਾ ਹੋਵੇ ਜਾਂ ਧਾਰਮਿਕ ਕੀਰਤਨ ਸੰਬੰਧੀ ਮਰਯਾਦਾ ‘ਤੇ ਉਠਾਏ ਗਏ ਸਵਾਲ। ਇਨ੍ਹਾਂ ਸਾਰੇ ਮੁੱਦਿਆਂ ‘ਤੇ ਸਪਸ਼ਟੀਕਰਨ ਦੇਣ ਲਈ ਹੀ ਮਾਨ ਨੂੰ ਤਲਬ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਇੱਕ ਨਿਮਾਣੇ ਸਿੱਖ ਵਾਂਗ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ। ਪਰ ਅਸਲ ਚੁਣੌਤੀ ਇਸ ਪੇਸ਼ੀ ਨਾਲ ਨਹੀਂ, ਬਲਕਿ ਉਸ ਮਾਹੌਲ ਨਾਲ ਜੁੜੀ ਹੋਈ ਹੈ ਜੋ ਇਸ ਦੌਰਾਨ ਬਣ ਸਕਦਾ ਹੈ। ਇਹ ਕੋਈ ਗੁਪਤ ਗੱਲ ਨਹੀਂ ਕਿ ਅਜਿਹੇ ਮੌਕਿਆਂ ‘ਤੇ ਸ਼ਰਾਰਤੀ ਅਨਸਰ ਸਰਗਰਮ ਹੋ ਸਕਦੇ ਹਨ—ਨਾਅਰੇਬਾਜ਼ੀ, ਉਕਸਾਵਾ ਜਾਂ ਜਾਣ-ਬੁੱਝ ਕੇ ਅਜਿਹਾ ਮਾਹੌਲ ਬਣਾਉਣਾ ਕਿ ਪੁਲਿਸ ਦਖ਼ਲ ਦੇਵੇ ਅਤੇ ਫਿਰ ਉਸੇ ਨੂੰ ਧਾਰਮਿਕ ਅਸਥਾਨ ਦੀ ਮਰਯਾਦਾ ਨਾਲ ਜੋੜ ਕੇ ਵੱਡਾ ਵਿਵਾਦ ਖੜਾ ਕੀਤਾ ਜਾਵੇ।
ਇਸ ਲਈ ਇਸ ਪੇਸ਼ੀ ਦੌਰਾਨ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਪੁਲਿਸ ਉੱਤੇ ਆ ਜਾਂਦੀ ਹੈ। ਪੁਲਿਸ ਨੂੰ ਬੇਹੱਦ ਸੰਜ਼ਮ, ਸੂਝ-ਬੂਝ ਅਤੇ ਸੁਚੱਜੀ ਯੋਜਨਾ ਨਾਲ ਕੰਮ ਕਰਨਾ ਹੋਵੇਗਾ ਤਾਂ ਜੋ ਨਾ ਤਾਂ ਮਰਯਾਦਾ ਦੀ ਉਲੰਘਣਾ ਹੋਵੇ ਅਤੇ ਨਾ ਹੀ ਕਿਸੇ ਨੂੰ ਸਿਆਸੀ ਫਾਇਦੇ ਲਈ ਹਾਲਾਤ ਭੜਕਾਉਣ ਦਾ ਮੌਕਾ ਮਿਲੇ। ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉਚ ਧਾਰਮਿਕ ਅਥਾਰਟੀ ਹੈ—ਇੱਥੇ ਹੋਈ ਹਰ ਘਟਨਾ ਦਾ ਪ੍ਰਭਾਵ ਸਿਰਫ਼ ਪੰਜਾਬ ਨਹੀਂ, ਸਗੋਂ ਪੂਰੀ ਸਿੱਖ ਕੌਮ ‘ਤੇ ਪੈਂਦਾ ਹੈ।
ਹੁਣ ਸਭ ਦੀ ਨਿਗਾਹ ਕੱਲ੍ਹ ਦੀ ਪੇਸ਼ੀ ‘ਤੇ ਟਿਕੀ ਹੋਈ ਹੈ। ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ, ਪੁਲਿਸ ਅਤੇ ਧਾਰਮਿਕ ਅਗਵਾਈ ਮਿਲ ਕੇ ਇਸ ਸੰਵੇਦਨਸ਼ੀਲ ਪਲ ਨੂੰ ਸ਼ਾਂਤੀ ਅਤੇ ਮਰਯਾਦਾ ਨਾਲ ਸੰਭਾਲ ਸਕਦੇ ਹਨ ਜਾਂ ਫਿਰ ਕੋਈ ਸ਼ਰਾਰਤੀ ਚਾਲ ਇਸਨੂੰ ਇੱਕ ਹੋਰ ਸਿਆਸੀ-ਧਾਰਮਿਕ ਟਕਰਾਅ ਵਿੱਚ ਬਦਲ ਦੇਵੇਗੀ।

