Connect with us

Punjab

ਮੈਡਮ ਸਿੱਧੂ ਬਨਾਮ ਕਾਂਗਰਸ: ਵੜਿੰਗ, ਚੰਨੀ ਅਤੇ ਰੰਧਾਵਾ ਦੇ ਬਿਆਨ ਕੀ ਸੰਕੇਤ ਦਿੰਦੇ ਨੇ ? 

Published

on

ਬੀਤੇ ਦਿਨੀਂ ਬੀਬੀ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣਾ ਸਿਰਫ਼ ਇੱਕ ਅਸਤੀਫ਼ਾ ਨਹੀਂ, ਸਗੋਂ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਇੱਕ ਹੋਰ ਖੁੱਲ੍ਹੀ ਤਸਵੀਰ ਹੈ। ਸਿੱਧੂ ਦੇ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਮੁੱਖ ਆਗੂਆਂ ਵੱਲੋਂ ਆਏ ਵੱਖ-ਵੱਖ ਬਿਆਨ ਇਹ ਸਪੱਸ਼ਟ ਕਰਦੇ ਹਨ ਕਿ ਹਾਈ ਕਮਾਂਡ ਵੱਲੋਂ ਲਾਈ “ਕਲਾਸ” ਦੇ ਬਾਵਜੂਦ ਸੂਬਾ ਕਾਂਗਰਸ ਅਜੇ ਵੀ ਇਕਸੁਰ ਨਹੀਂ।
ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ—ਕਿ ਮੈਡਮ ਸਿੱਧੂ ਨੇ ਪਾਰਟੀ ਨਹੀਂ ਛੱਡੀ, ਪਾਰਟੀ ਨੇ ਪਹਿਲਾਂ ਹੀ ਉਹਨੂੰ ਕੱਢ ਦਿੱਤਾ ਸੀ—ਇੱਕ ਸਖ਼ਤ ਅਤੇ ਟਕਰਾਅ ਵਾਲਾ ਸਟੈਂਡ ਦਰਸਾਉਂਦਾ ਹੈ। ਇਸਦੇ ਉਲਟ ਸੁਖਜਿੰਦਰ ਸਿੰਘ ਰੰਧਾਵਾ ਦਾ “ਚੰਗਾ ਹੋਇਆ ਖਹਿੜਾ ਛੁੱਟਿਆ” ਵਾਲਾ ਬਿਆਨ ਵੀ ਇਹ ਸੰਕੇਤ ਦਿੰਦਾ ਹੈ ਕਿ ਪਾਰਟੀ ਅੰਦਰ ਅਸਹਿਮਤੀ ਨੂੰ ਹੁਣ ਬੋਝ ਸਮਝਿਆ ਜਾ ਰਿਹਾ ਹੈ।
ਪਰ ਇਨ੍ਹਾਂ ਦੋਹਾਂ ਤੋਂ ਹਟ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਕਈ ਸਵਾਲ ਖੜੇ ਕਰਦਾ ਹੈ। ਚੰਨੀ ਦਾ ਇਹ ਕਹਿਣਾ ਕਿ ਉਨ੍ਹਾਂ ਦੀ ਸਿੱਧੂ ਜੋੜੇ ਨਾਲ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਵਾਪਸ ਪਾਰਟੀ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਕੋਈ ਆਮ ਜਾਂ ਰਸਮੀ ਬਿਆਨ ਨਹੀਂ। ਇਹ ਸਿੱਧਾ-ਸਿੱਧਾ ਵੜਿੰਗ ਦੇ ਸਟੈਂਡ ਦੀ ਕਾਟ ਕਰਦਾ ਨਜ਼ਰ ਆਉਂਦਾ ਹੈ।
ਇਸ ਬਿਆਨ ਤੋਂ ਇਹ ਅਨੁਮਾਨ ਲਗਾਉਣਾ ਮੁਸ਼ਕਲ ਨਹੀਂ ਕਿ ਚੰਨੀ ਅਜੇ ਵੀ ਰਾਜਾ ਵੜਿੰਗ ਦੀ ਲੀਡਰਸ਼ਿਪ ਨਾਲ ਅਸਹਿਮਤ ਹਨ ਅਤੇ ਉਹ ਅੰਦਰੂਨੀ ਤੌਰ ‘ਤੇ ਵੱਖਰਾ ਰਾਜਨੀਤਿਕ ਪਲੇਟਫਾਰਮ ਬਣਾਈ ਰੱਖਣਾ ਚਾਹੁੰਦੇ ਹਨ। ਇਹ ਵੀ ਯਾਦ ਰਹੇ ਕਿ ਮੈਡਮ ਸਿੱਧੂ ਨੇ ਕਾਂਗਰਸ ਛੱਡਣ ਸਮੇਂ ਰਾਜਾ ਵੜਿੰਗ ‘ਤੇ ਭ੍ਰਿਸ਼ਟ ਅਤੇ “ਵਿਕਿਆ ਹੋਇਆ” ਹੋਣ ਵਰਗੇ ਗੰਭੀਰ ਦੋਸ਼ ਲਗਾਏ ਸਨ, ਜੋ ਅਜੇ ਤੱਕ ਪਾਰਟੀ ਲਈ ਅਸਹਿਜਤਾ ਬਣੇ ਹੋਏ ਹਨ।
ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਕਾਂਗਰਸ ਅੰਦਰ ਚੱਲ ਰਿਹਾ ਕਲੇਸ਼ ਹੁਣ ਕਿਸੇ ਤੋਂ ਲੁਕਿਆ ਨਹੀਂ। ਜਦੋਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ, ਕਾਂਗਰਸ ਚਾਰ-ਪੰਜ ਧੜਿਆਂ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ—ਹਰ ਇੱਕ ਦੀ ਆਪਣੀ ਡਫਲੀ ਹੈ ਅਤੇ ਆਪਣਾ ਸੁਰ।
ਹਾਲ ਹੀ ਵਿੱਚ ਚੰਨੀ ਵੱਲੋਂ ਦਿੱਤਾ ਗਿਆ ਬਿਆਨ ਕਿ ਕਾਂਗਰਸ ਪਾਰਟੀ ਵਿੱਚ ਦਲਿਤ ਭਾਈਚਾਰੇ ਨਾਲ ਵਿਤਕਰਾ ਹੋ ਰਿਹਾ ਹੈ, ਉਸ ਕਲੇਸ਼ ਨੂੰ ਹੋਰ ਉਘਾੜ ਕੇ ਰੱਖ ਗਿਆ। ਇਸ ਤੋਂ ਬਾਅਦ ਹਾਈ ਕਮਾਂਡ ਵੱਲੋਂ ਦਿੱਲੀ ਵਿੱਚ ਵੱਡੇ ਆਗੂਆਂ ਨੂੰ ਬੁਲਾ ਕੇ ਝਾੜ ਪਾਈ ਗਈ ਅਤੇ ਮੀਡੀਆ ਵਿੱਚ ਇਕ-ਦੂਜੇ ਖ਼ਿਲਾਫ ਬਿਆਨਬਾਜ਼ੀ ਤੋਂ ਬਚਣ ਦੀ ਸਖ਼ਤ ਹਦਾਇਤ ਦਿੱਤੀ ਗਈ।
ਉਸ ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਦਾ ਚਿਹਰਾ ਤਾਂ ਖੁਸ਼ ਨਜ਼ਰ ਆਇਆ ਪਰ ਚੰਨੀ ਦਾ ਚਿਹਰਾ ਉਤਰਿਆ ਹੋਇਆ ਲੱਗਾ। ਇਸਦਾ ਵੱਡਾ ਕਾਰਨ ਇਹ ਸੀ ਕਿ ਰਾਹੁਲ ਗਾਂਧੀ ਨੇ ਸਾਫ਼ ਕਹਿ ਦਿੱਤਾ ਸੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਕੋਈ ਆਹੁਦਾ ਨਹੀਂ ਬਦਲਿਆ ਜਾਵੇਗਾ।
ਭਾਵੇਂ ਹੁਣ ਖੁੱਲ੍ਹੀ ਬਿਆਨਬਾਜ਼ੀ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ, ਪਰ ਅਪ੍ਰਤੱਖ ਤੌਰ ‘ਤੇ ਵਿਰੋਧ ਅਜੇ ਵੀ ਜਾਰੀ ਹੈ। ਬੀਬੀ ਸਿੱਧੂ ਵੱਲੋਂ ਮੁਅੱਤਲ ਹੋਣ ਤੋਂ ਪਹਿਲਾਂ ਦਿੱਤੇ ਗਏ ਉਹ ਬਿਆਨ—ਜਿਨ੍ਹਾਂ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਚਾਰ-ਪੰਜ ਲੀਡਰਾਂ ਨੇ ਕਾਂਗਰਸ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ “ਪੰਜ ਸੌ ਕਰੋੜ ਦੀ ਅਟੈਚੀ” ਵਾਲਾ ਤੰਜ—ਅਜੇ ਵੀ ਕਾਂਗਰਸ ਲਈ ਸਿਆਸੀ ਸਿਰਦਰਦ ਬਣੇ ਹੋਏ ਹਨ।
ਅੱਜ ਮੈਡਮ ਸਿੱਧੂ ਦੇ ਕਾਂਗਰਸ ਛੱਡਣ ਤੋਂ ਬਾਅਦ ਵੱਖ-ਵੱਖ ਆਗੂਆਂ ਦੇ ਵੱਖ-ਵੱਖ ਬਿਆਨ ਸਾਫ਼ ਦੱਸ ਰਹੇ ਹਨ ਕਿ ਚੰਨੀ ਬਨਾਮ ਵੜਿੰਗ ਦੀ ਖੇਡ ਅਜੇ ਖਤਮ ਨਹੀਂ ਹੋਈ। ਜੇ ਇਹ ਅੰਦਰੂਨੀ ਟਕਰਾਅ ਇੰਝ ਹੀ ਚੱਲਦਾ ਰਿਹਾ, ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਹਾਲਾਂਕਿ ਚੋਣਾਂ ਵਿੱਚ ਅਜੇ ਇੱਕ ਸਾਲ ਬਾਕੀ ਹੈ ਅਤੇ ਰਾਜਨੀਤੀ ਵਿੱਚ ਬਹੁਤ ਕੁਝ ਬਦਲ ਸਕਦਾ ਹੈ, ਪਰ ਮੌਜੂਦਾ ਹਾਲਾਤ ਕਾਂਗਰਸ ਲਈ ਚੇਤਾਵਨੀ ਦੀ ਘੰਟੀ ਜ਼ਰੂਰ ਹਨ।

ਕੁਲਵੰਤ ਸਿੰਘ ਗੱਗੜਪੁਰੀ

Continue Reading