Connect with us

India

ਫੋਨ ਦੀ ਸਕ੍ਰੀਨ ਵਾਲਾ ਲਾਡ ਤੇ ਰਜਾਈ ਵਿੱਚ ਮੂੰਹ ਛੁਪਾ ਕੇ ਰੋਂਦੀਆਂ ਨਾਰਾਂ !

Published

on

ਮਾਂ ਦੀ ਗੋਦ ਵਿੱਚ ਖੇਡਣ, ਪਿਉ ਦੇ ਮੋਢਿਆਂ ‘ਤੇ ਬੈਠਣ ਅਤੇ ਪਰਿਵਾਰ ਦੇ ਪਿਆਰ ਵਿੱਚ ਪਲਣ ਦੀ ਉਮਰ ਵਾਲੇ ਅੱਜ ਕਈ ਬੱਚੇ ਮੋਬਾਈਲ ਦੀ ਸਕ੍ਰੀਨ ‘ਤੇ ਆਪਣੇ ਮਾਪਿਆਂ ਦੇ ਚਿਹਰੇ ਵੇਖ ਕੇ ਹੀ ਵੱਡੇ ਹੋ ਰਹੇ ਹਨ। ਪਿੰਡਾਂ ਦੇ ਘਰਾਂ ਵਿੱਚ ਨਾਨੀਆਂ-ਦਾਦੀਆਂ ਦੀਆਂ ਗੋਦਾਂ ਵਿੱਚ ਪਲੇ ਬੱਚਿਆਂ ਦੀਆਂ ਅੱਖਾਂ ਹਰ ਰੋਜ਼ ਉਸ ਫੋਨ ਦੀ ਉਡੀਕ ਕਰਦੀਆਂ ਹਨ ਜਿਸ ‘ਤੇ ਮਾਂ ਵਿਦੇਸ਼ ਤੋਂ ਕਹਿੰਦੀ ਹੈ, “ਪੁੱਤ, ਮੰਮੀ ਅਉਗੀ ਜਲਦੀ।” ਪਰ ਉਹ “ਜਲਦੀ” ਕਈ ਸਾਲਾਂ ਵਿੱਚ ਵੀ ਨਹੀਂ ਆਉਂਦੀ।

ਵਿਦੇਸ਼ ਜਾਣ ਦੀ ਦੌੜ ਨੇ ਪਰਿਵਾਰਾਂ ਦੀ ਬਣਤਰ ਹੀ ਬਦਲ ਦਿੱਤੀ ਹੈ। ਮਾਪੇ ਸੋਚਦੇ ਹਨ ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਘਰ ਛੱਡ ਰਹੇ ਹਨ, ਪਰ ਜਿਸ ਉਮਰ ਵਿੱਚ ਬੱਚੇ ਨੂੰ ਮਾਂ ਦੇ ਹੱਥ ਦੀ ਰੋਟੀ ਅਤੇ ਪਿਉ ਦੀ ਜੱਫੀ ਚਾਹੀਦੀ ਹੁੰਦੀ ਹੈ, ਉਸ ਉਮਰ ਵਿੱਚ ਉਹ ਸਿਰਫ਼ ਵੀਡੀਓ ਕਾਲ ਦੀ ਮੁਸਕਰਾਹਟ ਨਾਲ ਜੀਣਾ ਸਿੱਖ ਰਿਹਾ ਹੁੰਦਾ ਹੈ। ਬੱਚੇ ਲਈ ਡਾਲਰਾਂ ਨਾਲ ਭੇਜੇ ਖਿਡੌਣੇ ਕਦੇ ਵੀ ਉਸ ਮਾਂ ਦੇ ਸਪਰਸ਼ ਦੀ ਥਾਂ ਨਹੀਂ ਲੈ ਸਕਦੇ ਜੋ ਰਾਤ ਨੂੰ ਉਸਦੇ ਸਿਰ ‘ਤੇ ਹੱਥ ਫੇਰ ਕੇ ਸੁਲਉਂਦੀ ਹੈ।

ਕਈ ਘਰਾਂ ਵਿੱਚ ਦਾਦੇ-ਦਾਦੀਆਂ ਆਪਣੇ ਪੋਤਰੇ ਪੋਤਰੀਆਂ ਨੂੰ ਪਾਲ ਰਹੇ ਹਨ। ਉਹ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਬੱਚੇ ਨੂੰ ਮਾਪਿਆਂ ਦੀ ਕਮੀ ਨਾ ਮਹਿਸੂਸ ਹੋਵੇ, ਪਰ ਜਦੋਂ ਸਕੂਲ ਦੇ ਸਮਾਗਮ ਵਿੱਚ ਹੋਰ ਬੱਚਿਆਂ ਦੇ ਮਾਪੇ ਆਉਂਦੇ ਹਨ ਤੇ ਇਹ ਬੱਚਾ ਆਪਣੇ ਦਾਦੇ ਦਾ ਹੱਥ ਫੜ ਕੇ ਖੜ੍ਹਾ ਹੁੰਦਾ ਹੈ, ਤਾਂ ਉਸਦੇ ਮਨ ਵਿੱਚ ਇੱਕ ਖਾਲੀਪਨ ਜਨਮ ਲੈਂਦਾ ਹੈ। ਉਹ ਖਾਲੀਪਨ ਪੈਸੇ ਨਾਲ ਨਹੀਂ ਭਰਿਆ ਜਾ ਸਕਦਾ।

ਇਹ ਦਰਦ ਸਿਰਫ਼ ਬੱਚਿਆਂ ਦਾ ਹੀ ਨਹੀਂ, ਉਹਨਾਂ ਨੌਜਵਾਨ ਵਿਆਹੁਤਾ ਕੁੜੀਆਂ ਦਾ ਵੀ ਹੈ ਜਿਨ੍ਹਾਂ ਦੇ ਪਤੀ ਵਿਆਹ ਮਗਰੋਂ “ਚੰਗੇ ਭਵਿੱਖ” ਦੇ ਸੁਪਨੇ ਨਾਲ ਵਿਦੇਸ਼ ਚਲੇ ਜਾਂਦੇ ਹਨ। ਵਿਆਹ ਦੇ ਕੁਝ ਦਿਨਾਂ ਦੀਆਂ ਖੁਸ਼ੀਆਂ ਤੋਂ ਬਾਅਦ ਉਹ ਕੁੜੀ ਆਪਣੇ ਸਹੁਰੇ ਘਰ ਦੇ ਕਮਰੇ ਵਿੱਚ ਇਕੱਲੀ ਰਹਿ ਜਾਂਦੀ ਹੈ। ਰਾਤ ਨੂੰ ਜਦੋਂ ਘਰ ਦੇ ਸਾਰੇ ਲੋਕ ਸੌ ਜਾਂਦੇ ਹਨ, ਉਹ ਰਜਾਈ ਵਿੱਚ ਮੂੰਹ ਛੁਪਾ ਕੇ ਹੌਲੇ ਹੌਲੇ ਰੋਂਦੀ ਹੈ। ਉਸਦੇ ਹੱਥਾਂ ਦੀ ਮਹਿੰਦੀ ਸੁੱਕਣ ਤੋਂ ਪਹਿਲਾਂ ਹੀ ਉਸਦੀ ਜ਼ਿੰਦਗੀ ਵਿੱਚ ਇਕੱਲਾਪਨ ਆ ਵੱਸਦਾ ਹੈ।

ਕਈ ਵਾਰ ਤਾਂ ਨੌਜਵਾਨ ਦੋ ਨੰਬਰ ਦੇ ਰਸਤੇ ਵਿਦੇਸ਼ ਚਲੇ ਜਾਂਦੇ ਹਨ। ਨਾ ਕੋਈ ਪੱਕਾ ਸਟੇਟਸ, ਨਾ ਕਾਨੂੰਨੀ ਸੁਰੱਖਿਆ, ਨਾ ਪਰਿਵਾਰ ਨੂੰ ਨਾਲ ਲਿਜਾਣ ਦੀ ਯਕੀਨੀ ਉਮੀਦ। ਇੱਥੇ ਘਰ ਵਿੱਚ ਨਵੀਂ ਵਿਆਹੀ ਪਤਨੀ ਹਰ ਰੋਜ਼ ਫੋਨ ਦੀ ਘੰਟੀ ਦੀ ਉਡੀਕ ਕਰਦੀ ਹੈ। ਉਹ ਆਪਣੇ ਹੰਝੂਆਂ ਨੂੰ ਲੁਕਾ ਕੇ ਪਰਿਵਾਰ ਅੱਗੇ ਮੁਸਕਰਾਉਂਦੀ ਹੈ, ਪਰ ਅੰਦਰੋਂ ਉਸਦਾ ਮਨ ਖਾਲੀ ਹੋ ਜਾਂਦਾ ਹੈ। ਉਸਨੂੰ ਪਤੀ ਦਾ ਸਾਥ ਨਹੀਂ ਮਿਲਦਾ, ਸਿਰਫ਼ “ਹੋਰ ਥੋੜ੍ਹਾ ਸਮਾਂ” ਵਾਲੇ ਦਿਲਾਸੇ ਮਿਲਦੇ ਹਨ।
ਇਸ ਵਿਦੇਸ਼ੀ ਦੌੜ ਵਿੱਚ ਕਈ ਵਾਰ ਘਰ ਤਾਂ ਪੱਕੇ ਬਣ ਜਾਂਦੇ ਹਨ, ਪਰ ਰਿਸ਼ਤੇ ਕੱਚੇ ਰਹਿ ਜਾਂਦੇ ਹਨ। ਘਰ ਦੀਆਂ ਕੰਧਾਂ ਉੱਚੀਆਂ ਹੋ ਜਾਂਦੀਆਂ ਹਨ ਪਰ ਪਰਿਵਾਰ ਦੇ ਦਿਲਾਂ ਵਿੱਚ ਦੂਰੀਆਂ ਵੀ ਵਧ ਜਾਂਦੀਆਂ ਹਨ। ਬੱਚਾ ਵੱਡਾ ਹੋ ਜਾਂਦਾ ਹੈ ਪਰ ਮਾਂ ਨਾਲ ਉਸਦਾ ਰਿਸ਼ਤਾ ਫੋਨ ਤੱਕ ਸੀਮਿਤ ਰਹਿੰਦਾ ਹੈ। ਪਤਨੀ ਦੀ ਜਵਾਨੀ ਉਡੀਕ ਵਿੱਚ ਲੰਘ ਜਾਂਦੀ ਹੈ ਅਤੇ ਪਤੀ ਵੀ ਵਿਦੇਸ਼ ਦੀ ਮਸ਼ੀਨੀ ਜ਼ਿੰਦਗੀ ਵਿੱਚ ਜਜ਼ਬਾਤਾਂ ਤੋਂ ਦੂਰ ਹੋ ਜਾਂਦਾ ਹੈ।

ਵਿਦੇਸ਼ ਕਮਾਈ ਲਈ ਜਾਣਾ ਗਲਤ ਨਹੀਂ, ਪਰ ਜਦੋਂ ਕਮਾਈ ਦੀ ਕੀਮਤ ਬੱਚਿਆਂ ਦਾ ਬਚਪਨ, ਪਤਨੀ ਦੀਆਂ ਮੁਸਕਰਾਹਟਾਂ ਅਤੇ ਪਰਿਵਾਰ ਦਾ ਸੁੰਨਾਪਨ ਬਣ ਜਾਵੇ, ਤਾਂ ਸੋਚਣਾ ਪੈਂਦਾ ਹੈ ਕਿ ਅਸੀਂ ਕੀ ਕਮਾ ਰਹੇ ਹਾਂ ਅਤੇ ਕੀ ਗਵਾ ਰਹੇ ਹਾਂ। ਮਾਪਿਆਂ ਦੀ ਗੈਰਹਾਜ਼ਰੀ ਵਿੱਚ ਪਲਿਆ ਬੱਚਾ ਅੰਦਰੋਂ ਕਮਜ਼ੋਰ ਹੋ ਸਕਦਾ ਹੈ, ਅਤੇ ਉਡੀਕ ਵਿੱਚ ਜੀ ਰਹੀ ਪਤਨੀ ਅੰਦਰੋਂ ਟੁੱਟ ਸਕਦੀ ਹੈ।

ਅੱਜ ਪੰਜਾਬ ਦੇ ਕਈ ਘਰਾਂ ਦੀ ਇਹੀ ਕਹਾਣੀ ਹੈ—ਡਾਲਰ ਆ ਰਹੇ ਹਨ ਪਰ ਹਾਸੇ ਗੁੰਮ ਹੋ ਰਹੇ ਹਨ। ਬੱਚਿਆਂ ਨੂੰ ਮਾਂ ਦੀ ਗੋਦ ਨਹੀਂ ਮਿਲ ਰਹੀ, ਪਤਨੀਆਂ ਨੂੰ ਪਤੀ ਦਾ ਸਾਥ ਨਹੀਂ ਮਿਲ ਰਿਹਾ ਅਤੇ ਬਜ਼ੁਰਗ ਆਪਣੇ ਬੁੱਢਾਪੇ ਵਿੱਚ ਘਰ ਅਤੇ ਬੱਚਿਆਂ ਦੋਹਾਂ ਦੀ ਜ਼ਿੰਮੇਵਾਰੀ ਢੋਹ ਰਹੇ ਹਨ। ਘਰਾਂ ਵਿੱਚ ਸੁਵਿਧਾਵਾਂ ਵੱਧ ਗਈਆਂ ਹਨ, ਪਰ ਸੰਤੋਖ ਘੱਟ ਗਿਆ ਹੈ।

ਅਸੀਂ ਵਿਦੇਸ਼ਾਂ ਵਿੱਚ ਪੈਸਾ ਕਮਾਉਣ ਦੀ ਦੌੜ ਵਿੱਚ ਇਹ ਨਾ ਭੁੱਲੀਏ ਕਿ ਬੱਚਿਆਂ ਲਈ ਸਭ ਤੋਂ ਵੱਡੀ ਦੌਲਤ ਮਾਪਿਆਂ ਦਾ ਪਿਆਰ ਹੁੰਦਾ ਹੈ, ਅਤੇ ਪਤਨੀ ਲਈ ਸਭ ਤੋਂ ਵੱਡਾ ਸਹਾਰਾ ਪਤੀ ਦਾ ਸਾਥ। ਡਾਲਰ ਜ਼ਿੰਦਗੀ ਆਸਾਨ ਕਰ ਸਕਦੇ ਹਨ, ਪਰ ਉਹ ਮਾਂ ਦੀ ਗੋਦ ਦੀ ਗਰਮੀ ਜਾਂ ਪਤੀ ਦੇ ਸਾਥ ਦੀ ਖੁਸ਼ੀ ਨਹੀਂ ਦੇ ਸਕਦੇ।

ਕਈ ਵਾਰ ਰਾਤ ਦੇ ਹਨੇਰੇ ਵਿੱਚ ਰੋਂਦੇ ਬੱਚੇ ਅਤੇ ਰਜਾਈ ਵਿੱਚ ਮੂੰਹ ਛੁਪਾ ਕੇ ਰੋਂਦੀਆਂ ਵਿਆਹੁਤਾ ਕੁੜੀਆਂ ਸਾਨੂੰ ਇਹ ਯਾਦ ਕਰਵਾਉਂਦੀਆਂ ਹਨ ਕਿ ਰਿਸ਼ਤੇ ਪੈਸੇ ਨਾਲ ਨਹੀਂ, ਮੌਜੂਦਗੀ ਨਾਲ ਨਿਭਦੇ ਹਨ ਅਤੇ ਜਦੋਂ ਮੌਜੂਦਗੀ ਹੀ ਨਾ ਰਹੇ, ਤਾਂ ਘਰ ਸਿਰਫ਼ ਮਕਾਨ ਬਣ ਕੇ ਰਹਿ ਜਾਂਦੇ ਹਨ।

ਕੁਲਵੰਤ ਸਿੰਘ ਗੱਗੜਪੁਰੀ