Punjab
24 ਸਾਲ ਦੇ ਮੁੰਡੇ ਨੇ ਸੰਭਾਲੀ ਪਿੰਡ ਦੀ ਕਮਾਨ, ਲੋਕਾਂ ਦੀ ਸਹਿਮਤੀ ਨਾਲ ਚੁਣਿਆ ਗਿਆ ਸਰਪੰਚ
ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਨਾਮਜ਼ਦਗੀਆਂ ਭਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਦੇ ਪਿੰਡ ਚੱਕ ਕਿਸ਼ਨਾ ਅਤੇ ਗ੍ਰਾਮ ਪੰਚਾਇਤ ਰਸੂਲਪੁਰ ਦੇ ਲੋਕਾਂ ਨੇ ਸਰਬਸੰਮਤੀ ਨਾਲ 24 ਸਾਲ ਦੇ ਨੌਜਵਾਨ ਪਰਮਪਾਲ ਸਿੰਘ ਬੁੱਟਰ ਨੂੰ ਸਰਪੰਚ ਚੁਣ ਲਿਆ ਹੈ।ਮੋਗਾ ਜ਼ਿਲ੍ਹੇ ਦਾ ਇਹ ਪਹਿਲਾ ਪਿੰਡ ਹੈ, ਜਿਸ ਵਿੱਚ ਸਰਬ ਸੰਮਤੀ ਨਾਲ ਸਰਪੰਚ ਨਿਯੁਕਤ ਕੀਤਾ ਗਿਆ ਹੈ।
ਸਰਪੰਚ ਰਹਿ ਚੁੱਕੀ ਪਰਮਪਾਲ ਸਿੰਘ ਦੇ ਮਾਤਾ
ਪਰਮਪਾਲ ਸਿੰਘ ਦੀ ਮਾਤਾ ਸੁਖਬਿੰਦਰ ਕੌਰ ਜੋ ਪਿਛਲੇ 5 ਸਾਲਾਂ ਸਰਪੰਚ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਪਰਮਪਾਲ ਸਿੰਘ ਨੂੰ ਸਰਪੰਚ ਬਣਾਇਆ। ਪਰਮਪਾਲ ਸਿੰਘ ਲਾਅ ਦਾ ਵਿਦਿਆਰਥੀ ਹੈ।
“ਤਨਦੇਹੀ ਨਾਲ ਨਿਭਾਵਾਂਗਾ ਜ਼ਿੰਮੇਵਾਰ”
ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਏਗਾ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਵੀ ਅੱਗੇ ਲਿਜਾਵਾਂਗੇ। ਅਸੀਂ ਨੌਜਵਾਨਾਂ ਲਈ ਖੇਡ ਮੈਦਾਨ ਅਤੇ ਸਟੇਡੀਅਮ ਬਣਾਵਾਂਗੇ ਅਤੇ ਸਾਡੇ ਪਿੰਡ ਦਾ ਪੀਣ ਵਾਲਾ ਪਾਣੀ ਖਰਾਬ ਹੈ। ਜਿਸ ਕਾਰਨ ਕੈਂਸਰ ਦੀ ਬਿਮਾਰੀ ਵੱਧ ਗਈ ਹੈ ਇਸ ਲਈ ਅਸੀਂ ਕੁਝ ਹੋਰ ਬੋਰ ਕਰਵਾ ਕੇ ਲੋਕਾਂ ਨੂੰ ਚੰਗਾ ਪਾਣੀ ਮੁਹੱਈਆ ਕਰਵਾਵਾਂਗੇ। ਲੋਕਾਂ ਅਤੇ ਪਿੰਡ ਵਾਸੀਆਂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿਣਗੇ।