Connect with us

National

ਕੋਲੇ ਦੀ ਖਾਨ ’ਚ ਧਮਾਕਾ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, 7 ਲੋਕਾਂ ਦੀ ਮੌਤ

Published

on

ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਅੱਜ ਕੋਲੇ ਦੀ ਖ਼ਾਨ ਵਿਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹਨ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪਿੰਡ ’ਚ ਨਿੱਜੀ ਕੋਲਾ ਖਾਨ ਵਿਚ ਬਲਾਸਟ ਹੋਣ ਦੌਰਾਨ ਇਹ ਹਾਦਸਾ ਵਾਪਰਿਆ ਹੈ। ਪਹਿਲਾਂ ਧਮਾਕੇ ਤੋਂ ਬਾਅਦ ਖਾਨ ਢਹਿ ਗਈ। ਇਸ ਕਾਰਨ ਇਹ ਹਾਦਸਾ ਹੋਰ ਖ਼ਤਰਨਾਕ ਹੋ ਗਿਆ ਹੈ। ਕਈ ਮਜ਼ਦੂਰਾਂ ਦੀਆਂ ਲਾਸ਼ਾਂ ਖ਼ਰਾਬ ਹਾਲਤ ਵਿਚ ਬਰਾਮਦ ਹੋਈਆਂ ਹਨ।

ਸਥਾਨਕ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਧਮਾਕੇ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਕੋਲੇ ਦੀ ਖਾਨ ਅੰਦਰ ਹੋਰ ਮਜ਼ਦੂਰਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ ‘ਚ ਮਾਰੇ ਗਏ ਮਜ਼ਦੂਰਾਂ ਦੇ ਸਰੀਰ ਦੇ ਟੁਕੜੇ ਹੋ ਗਏ ਸਨ।

ਦੱਸ ਦੇਈਏ ਕਿ ਜ਼ਖ਼ਮੀ ਮਜ਼ਦੂਰਾਂ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ, ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਭੇਜਿਆ ਗਿਆ ਹੈ। ਬਚਾਅ ਕਾਰਜਾਂ ‘ਚ ਲੱਗੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕੋਲੇ ਦੀ ਖੋਦਾਈ ਲਈ ਜ਼ਰੂਰੀ ਮਾਪਦੰਡਾਂ ਦੀ ਪਾਲਣਾ ਵਿਚ ਲਾਪ੍ਰਵਾਹੀ ਵਰਤੀ ਗਈ, ਜਿਸ ਕਾਰਨ ਇਹ ਘਟਨਾ ਵਾਪਰੀ।

ਇਸ ਦਰਮਿਆਨ ਪੂਰੇ ਇਲਾਕੇ ਵਿਚ ਤਣਾਅ ਵਾਲਾ ਮਾਹੌਲ ਹੈ ਕਿਉਂਕਿ ਮਜ਼ਦੂਰਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਸਥਾਨਕ ਲੋਕ ਕੋਲੇ ਦੀ ਖਾਨ ਕੋਲ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਵਿਰੋਧ ਪ੍ਰਦਰਸ਼ ਸ਼ੁਰੂ ਕਰ ਦਿੱਤਾ ਹੈ। ਸਥਿਤੀ ਨੂੰ ਕੰਟਰੋਲ ਕਰਨ ਲਈ ਇਕ ਵੱਡੀ ਗਿਣਤੀ ਵਿਚ ਪੁਲਸ ਟੁਕੜੀ ਵੀ ਮੌਕੇ ‘ਤੇ ਪਹੁੰਚੀ ਹੈ। ਧਮਾਕੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਪਿਛਲੇ ਹਫ਼ਤੇ ਵੀ ਬੀਰਭੂਮ ਵਿਚ ਇਕ ਪੱਥਰ ਦੀ ਖਾਨ ਵਿਚ ਜ਼ਮੀਨ ਖਿਸਕਣ ਮਗਰੋਂ ਉੱਥੇ ਕੰਮ ਕਰ ਰਹੇ 3 ਮਜ਼ਦੂਰਾਂ ਦੀ ਮੌਤ ਹੋ ਗਈ ਸੀ।