National
ਮਥੁਰਾ ਦੇ ਪਲੇਟਫਾਰਮ ‘ਤੇ ਵਾਪਰਿਆ ਵੱਡਾ ਟਰੇਨ ਹਾਦਸਾ,ਪਟੜੀ ਤੋਂ ਉੱਤਰ ਚੜੀ ਪਲੇਟਫਾਰਮ ‘ਤੇ…
27ਸਤੰਬਰ 2023: ਮੰਗਲਵਾਰ ਰਾਤ ਮਥੁਰਾ ਜੰਕਸ਼ਨ ‘ਤੇ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਈਐਮਯੂ ਟਰੇਨ ਅਚਾਨਕ ਟ੍ਰੈਕ ਛੱਡ ਕੇ ਪਲੇਟਫਾਰਮ ‘ਤੇ ਚੜ੍ਹ ਗਈ। ਪਲੇਟਫਾਰਮ ‘ਤੇ ਟਰੇਨ ਨੂੰ ਆਉਂਦੀ ਦੇਖ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਭੱਜਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਕੁਝ ਯਾਤਰੀਆਂ ਦੇ ਬੈਗ ਟਰੇਨ ਹੇਠਾਂ ਆ ਗਏ। ਰੇਲਗੱਡੀ ਨੇ 30 ਮੀਟਰ ਤੱਕ ਪਲੇਟਫਾਰਮ ਪਾਰ ਕੀਤਾ ਅਤੇ ਇੱਕ ਲਾਈਟ ਖੰਭੇ ਨਾਲ ਜਾ ਟਕਰਾ ਕੇ ਰੁਕ ਗਈ।
ਦਰਅਸਲ, ਦਿੱਲੀ ਦੀ ਸ਼ਕੂਰ ਬਸਤੀ ਤੋਂ ਮਥੁਰਾ ਵਿਚਕਾਰ ਚੱਲਣ ਵਾਲੀ ਸ਼ਟਲ ਟਰੇਨ ਮਥੁਰਾ ਪਹੁੰਚੀ ਸੀ। ਰੇਲਗੱਡੀ ਤੋਂ ਯਾਤਰੀਆਂ ਨੂੰ ਉਤਾਰਨ ਤੋਂ ਬਾਅਦ ਇਸ ਨੂੰ ਸ਼ਕੂਰ ਬਸਤੀ ਵਾਪਸ ਜਾਣ ਲਈ ਪਲੇਟਫਾਰਮ ‘ਤੇ ਖੜ੍ਹਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਟਰੇਨ ਦੀ ਰਫਤਾਰ ਅਚਾਨਕ ਵਧ ਗਈ। ਉਹ ਅਬਟਿੰਗ ਪੁਆਇੰਟ ਤੋੜ ਕੇ ਪਲੇਟਫਾਰਮ ਨੰਬਰ 2 ‘ਤੇ ਚੜ੍ਹ ਗਈ।
ਜਿਵੇਂ ਹੀ ਦਿੱਲੀ ਵਾਲੇ ਪਾਸੇ ਐਡਿੰਗ ਪੁਆਇੰਟ ‘ਤੇ ਟਰੇਨ ਦੇ ਆਉਣ ਦੀ ਸੂਚਨਾ ਮਿਲੀ ਤਾਂ ਸਟੇਸ਼ਨ ‘ਤੇ ਹੰਗਾਮਾ ਹੋ ਗਿਆ। ਆਰਪੀਐਫ ਅਤੇ ਜੀਆਰਪੀ ਪੁਲੀਸ ਤੋਂ ਇਲਾਵਾ ਰੇਲਵੇ ਅਧਿਕਾਰੀ ਮੌਕੇ ’ਤੇ ਪੁੱਜੇ। ਤਕਨੀਕੀ ਟੀਮ ਨੇ ਆ ਕੇ ਚਾਰਜ ਸੰਭਾਲ ਲਿਆ। ਹਾਦਸੇ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਦੀ ਰਫਤਾਰ ਤੈਅ ਸਪੀਡ ਤੋਂ ਜ਼ਿਆਦਾ ਵਧ ਗਈ। ਜਿਸ ਕਾਰਨ ਡਰਾਈਵਰ ਕੰਟਰੋਲ ਨਹੀਂ ਕਰ ਸਕਿਆ ਅਤੇ ਟਰੇਨ ਪਲੇਟਫਾਰਮ ‘ਤੇ ਚੜ੍ਹ ਗਈ।