National
ਡੇਰਾ ਸਿਰਸਾ ‘ਚ ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲੀਆਂ, 8 ਜਣੇ ਹੋਏ ਜ਼ਖਮੀ
ਸਿਰਸਾ ਵਿੱਚ ਸਥਿਤ ਨਾਮਧਾਰੀ ਡੇਰੇ ਵਿੱਚ ਉਸ ਵੇੇਲੇ ਖ਼ੂਨੀ ਕਾਂਡ ਦੇਖਣ ਨੂੰ ਮਿਲਿਆ, ਜਦੋਂ ਇੱਥੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ, ਗੱਲ ਗੋਲੀਆਂ ਚੱਲਣ ਤੱਕ ਵੀ ਪਹੁੰਚ ਗਈ। ਇੱਥੋ ਤੱਕ ਕਿ ਬਚਾਉਣ ਆਏ ਪੁਲਿਸ ਮੁਲਾਜ਼ਮ ਵੀ ਹਮਲੇ ਦਾ ਸ਼ਿਕਾਰ ਹੋ ਗਏ। ਇਸ ਘਟਨਾਕ੍ਰਮ ਵਿੱਚ 8 ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।
ਦੱਸਣਯੋਗ ਹੈ ਕਿ ਇਹ ਮਾਮਲਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਹੈ, ਜਿੱਥੇ ਪਿੰਡ ਰਣੀਆਂ ਦੇ ਜੀਵਨ ਨਗਰ ਇਲਾਕੇ ਵਿੱਚ ਨਾਮਧਾਰੀ ਡੇਰੇ ਦੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਵੀ ਹੋਈ । ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ‘ਤੇ ਹੀ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪੁਲਿਸ ਵਾਲਿਆਂ ਨੂੰ ਉੱਥੋ ਭੱਜ ਕੇ ਆਪਣੀ ਜਾਨ ਬਚਾਉਣੀ ਪਈ । ਫਿਰ ਐਕਸ਼ਨ ਵਿੱਚ ਆਈ ਪੁਲਿਸ ਵੱਲੋਂ ਭੀੜ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਸੀ।
ਹਿੰਸਕ ਝੜਪ ਤੋਂ ਬਾਅਦ ਐੱਸ.ਪੀ ਵਿਕਰਾਂਤ ਭੂਸ਼ਣ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਜੀਵਨ ਨਗਰ ਇਲਾਕੇ ‘ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਅਗਰੋਹਾ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਹੈ। ਕੈਂਪ ਵਾਲੀ ਥਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਅਜੇ ਵੀ ਹਥਿਆਰਾਂ ਸਮੇਤ ਖੇਤਾਂ ਵਿੱਚ ਲੁਕੇ ਹੋਏ ਹਨ।
ਦੂਜੇ ਪਾਸੇ ਪਿੰਡ ਦੇ ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਨਾਮਧਾਰੀ ਸਿੱਖ ਭਾਈਚਾਰੇ ਵਿੱਚ ਦੋ ਧਾਮ ਹਨ। ਇਕ ਧਾਮ ਲੁਧਿਆਣਾ ਵਿਚ ਸ੍ਰੀ ਭੈਣੀ ਸਾਹਿਬ ਹੈ, ਜਿਸ ਦਾ ਪ੍ਰਬੰਧ ਸਤਿਗੁਰੂ ਉਦੈ ਸਿੰਘ ਕਰਦੇ ਹਨ। ਦੂਜਾ ਧਾਮ ਰਾਣੀਆ ਦੇ ਜੀਵਨ ਨਗਰ ਵਿੱਚ ਹੈ, ਇਸ ਡੇਰੇ ਦਾ ਪ੍ਰਬੰਧ ਉਦੈ ਸਿੰਘ ਦੇ ਭਰਾ ਠਾਕੁਰ ਦਲੀਪ ਸਿੰਘ ਨੇ ਕੀਤਾ। ਅੱਜ ਸਵੇਰੇ ਸਤਿਗੁਰੂ ਉਦੈ ਸਿੰਘ ਦੇ ਪੈਰੋਕਾਰ ਡੇਰਾ ਜੀਵਨ ਨਗਰ ਦੇ ਨਾਲ ਲੱਗਦੀ 12 ਏਕੜ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਸਨ। ਉਨ੍ਹਾਂ ਨੇ ਜ਼ਮੀਨ ਦੁਆਲੇ ਚਿੱਟੇ ਝੰਡੇ ਲਗਾ ਦਿੱਤੇ। ਜ਼ਮੀਨ ਸ਼੍ਰੀ ਜੀਵਨ ਨਗਰ ਨਾਮਧਾਰੀ ਧਾਮ ਦੇ ਨਾਲ ਲੱਗਦੀ ਹੈ।
ਦਲੀਪ ਸਿੰਘ ਦੇ ਚੇਲੇ ਮਿੱਠੂ ਸਿੰਘ ਦਾ ਦਾਅਵਾ ਹੈ ਕਿ ਇਹ ਜ਼ਮੀਨ ਉਸ ਦੀ ਹੈ। ਕਬਜ਼ੇ ਦੀ ਕੋਸ਼ਿਸ਼ ਦਾ ਪਤਾ ਲੱਗਦਿਆਂ ਹੀ ਦੂਜੀ ਧਿਰ ਉਥੇ ਪਹੁੰਚ ਗਈ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਜ਼ਬਰਦਸਤ ਲੜਾਈ ਹੋਈ। ਮਿੱਠੂ ਸਿੰਘ ਨੇ ਦੱਸਿਆ ਕਿ ਸਤਿਗੁਰੂ ਉਦੈ ਸਿੰਘ ਦੇ ਕਰੀਬ 250 ਪੈਰੋਕਾਰ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਤੋਂ ਬਾਅਦ ਪੈਰੋਕਾਰਾਂ ਨੇ ਡੇਰੇ ‘ਤੇ ਹਮਲਾ ਕਰ ਦਿੱਤਾ।ਚਸ਼ਮਦੀਦਾਂ ਮੁਤਾਬਕ ਇਸ ਤੋਂ ਬਾਅਦ ਦੋਵੇਂ ਧੜਿਆਂ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਉਨ੍ਹਾਂ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ। ਜਿਸ ਵਿੱਚ 8 ਲੋਕਾਂ ਨੂੰ ਗੋਲੀ ਲੱਗੀ ਸੀ। ਮਾਹੌਲ ਇੰਨਾ ਖਰਾਬ ਹੋ ਗਿਆ ਕਿ ਰੌਲਾ ਪੈ ਗਿਆ।