Amritsar
ਸੂਤਰਾਂ ਮੁਤਾਬਿਕ ਅੰਮ੍ਰਿਤਸਰ ਬੰਬ ਧਮਾਕੇ ਪਿੱਛੇ ਹੈ ਅੰਮ੍ਰਿਤਪਾਲ ਫੈਕਟਰ,ਜਾਣੋ ਮਾਮਲਾ
ਪੰਜਾਬ ਪੁਲਿਸ ਨੇ 5 ਦਿਨਾਂ ਦੇ ਅੰਦਰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 3 ਬਲਾਸਟ ਕਰਨ ਵਾਲਿਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ। ਕੁੱਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਪੰਜਾਂ ਨੇ 5 ਮਈ ਤੋਂ 11 ਮਈ ਦਰਮਿਆਨ ਤਿੰਨੋਂ ਧਮਾਕੇ ਕੀਤੇ ਸਨ। ਜਿਵੇਂ ਹੀ 10 ਮਈ ਦੀ ਰਾਤ ਨੂੰ ਹਰਿਮੰਦਰ ਸਾਹਿਬ ਦੇ ਨੇੜੇ ਤੀਜਾ ਧਮਾਕਾ ਹੋਇਆ ਤਾਂ ਹਾਈ ਅਲਰਟ ‘ਤੇ ਮੌਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੀਮਾਂ ਸਣੇ ਪੁਲਿਸ ਵੀ ਸਰਗਰਮ ਹੋ ਗਈ। ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਮੁੱਖ ਮੁਲਜ਼ਮ ਆਜ਼ਾਦਬੀਰ ਸਿੰਘ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ ।
ਅਜ਼ਾਦਬੀਰ ਦੇ ਇਸ਼ਾਰੇ ‘ਤੇ ਕੁਝ ਘੰਟਿਆਂ ਹੀ ‘ਚ 4 ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਗਿਆ। ਇਨ੍ਹਾਂ ਦੇ ਨਾਂ ਅਮਰੀਕ ਸਿੰਘ, ਸਾਹਬ ਸਿੰਘ, ਧਰਮਿੰਦਰ ਅਤੇ ਹਰਜੀਤ ਹਨ। ਇਨ੍ਹਾਂ ਵਿੱਚੋਂ ਅਮਰੀਕ ਸਿੰਘ ਗੁਰੂ ਰਾਮਦਾਸ ਸਰਾਏ ਦੇ ਕਮਰਾ ਨੰਬਰ 225 ਵਿੱਚ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਪੁਲਿਸ ਉਸ ਦੀ ਪਤਨੀ ਤੋਂ ਵੀ ਕਰ ਰਹੀ ਹੈ ਪੁੱਛਗਿੱਛ |
ਪੰਜ ਮੁਲਜ਼ਮਾਂ ਵਿੱਚੋਂ ਆਜ਼ਾਦਬੀਰ ਅਤੇ ਅਮਰੀਕ ਸਿੰਘ ਦੀ ਧਮਾਕਿਆਂ ਵਿੱਚ ਮੁੱਖ ਭੂਮਿਕਾ ਸੀ। ਦੋਵੇਂ ਸ਼ੁਰੂ ਤੋਂ ਹੀ ਸ਼ਰਾਰਤੀ ਰਹੇ ਹਨ। ਆਜ਼ਾਦਬੀਰ ਨੂੰ ਰਿਸ਼ਵਤਖੋਰੀ ਕਾਰਨ ਸਰਕਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਜਦਕਿ ਅਮਰੀਕ ਸਿੰਘ ਨਸ਼ੇ ਦਾ ਆਦੀ ਹੈ। ਦੋਵਾਂ ਨੇ ਇਹ ਧਮਾਕੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ NSA ਲਾਏ ਜਾਣ ਤੋਂ ਨਾਰਾਜ਼ ਹੋ ਕੇ ਕੀਤੇ ਸਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਏ 5 ਤੱਥ
- ਅਜ਼ਾਦਬੀਰ ਖਾਲਿਸਤਾਨ ਦਾ ਸਮਰਥਕ ਹੈ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਆਪਣਾ ਆਦਰਸ਼ ਮੰਨਦਾ ਹੈ। ਉਸ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਜਿਹੀਆਂ ਕਈ ਪੋਸਟਾਂ ਹਨ ਜੋ ਅੱਤਵਾਦ ਦੇ ਦੌਰ ਨਾਲ ਸਬੰਧਤ ਹਨ।
- ਪਹਿਲੇ ਧਮਾਕੇ ਤੋਂ ਪਹਿਲਾਂ ਅਜ਼ਾਦਬੀਰ ਨੇ ਸਾਰਾਗੜ੍ਹੀ ਪਾਰਕਿੰਗ ਦੀ ਛੱਤ ‘ਤੇ ਹੱਥ ‘ਚ ਬੰਬ ਲੈ ਕੇ ਫੋਟੋ ਖਿਚਵਾਈ। ਪੁਲਿਸ ਨੂੰ ਇਹ ਫੋਟੋ ਉਸਦੇ ਮੋਬਾਈਲ ਤੋਂ ਮਿਲੀ ਹੈ। ਧਮਾਕੇ ਤੋਂ ਬਾਅਦ ਅਜ਼ਾਦਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਨਾਲ ਜੁੜੀ ਇਕ ਪੋਸਟ ਵੀ ਪਾਈ ਸੀ।
- ਅਜ਼ਾਦਬੀਰ ਅਤੇ ਉਸਦੇ ਸਾਥੀਆਂ ਨੇ ਬੰਬ ਵਿਸਫੋਟ ਕਰਨ ਲਈ ਜਾਣਬੁੱਝ ਕੇ ਹਰਿਮੰਦਰ ਸਾਹਿਬ ਨੂੰ ਚੁਣਿਆ। ਉਹ ਇਸ ਖੇਤਰ ਵਿੱਚ ਇੱਕ ਛੋਟਾ ਬੰਬ ਵਿਸਫੋਟ ਕਰਕੇ ਅੰਤਰਰਾਸ਼ਟਰੀ ਪਛਾਣ ਬਣਾਉਣਾ ਅਤੇ ਦਹਿਸ਼ਤ ਫੈਲਾਉਣਾ ਚਾਹੁੰਦਾ ਸੀ।
- ਮੁਲਜ਼ਮਾਂ ਨੇ ਦੇਸੀ ਬੰਬ ਬਣਾਉਣ ਲਈ ਪੋਟਾਸ਼, ਜੋ ਕਿ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ, ਦੀ ਵਰਤੋਂ ਕੀਤੀ। ਪੋਟਾਸ਼ ਘੱਟ ਘਾਤਕ ਹੈ ਪਰ ਇਸ ਦੀ ਧਮਾਕੇ ਦੀ ਆਵਾਜ਼ ਜ਼ਿਆਦਾ ਹੈ। ਪਟਾਕਿਆਂ ਵਿੱਚ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਹੈ।
- ਮੁੱਖ ਦੋਸ਼ੀ ਅਜ਼ਾਦਬੀਰ ਖਿਲਾਫ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ‘ਚ ਹੀ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜੂਨ-2021 ਉਸ ਨੇ ਇੱਥੇ ਮਾਤਾ ਸੀਤਾ ਅਤੇ ਸ਼ਿਵਲਿੰਗ ਬਾਰੇ ਗਲਤ ਸ਼ਬਦਾਵਲੀ ਵਰਤੀ ਸੀ।