Punjab
ਲੰਪੀ ਸਕਿਨ ਬਿਮਾਰੀ ਨਾਲ ਗਾਵਾਂ ਦੀ ਮੌਤ ਹੋ ਜਾਣ ‘ਤੇ ਕਿਸਾਨਾਂ ਨੂੰ ਦਿੱਤਾ ਜਾਵੇ ਢੁੱਕਵਾਂ ਮੁਆਵਜ਼ਾ : ਜਗਦੀਪ ਚੀਮਾ
ਫਤਿਹਗੜ੍ਹ ਸਾਹਿਬ:
ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਚੱਲ ਰਹੀ ਪਸ਼ੂਆਂ ਖਾਸਕਰ ਗਾਵਾਂ ਲੰਪੀ ਸਕਿਨ ਨਾਂ ਦੀ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ, ਪ੍ਰੰਤੂ ਪੰਜਾਬ ਸਰਕਾਰ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਹਿਗਡ਼੍ਹ ਸਾਹਿਬ ਤੋਂ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਫਤਿਹਗਡ਼੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਜਥੇਦਾਰ ਚੀਮਾ ਨੇ ਕਿਹਾ ਕਿ ਲੰਪੀ ਸਕਿਨ ਨਾਂ ਦੀ ਬਿਮਾਰੀ ਨਾਲ ਰੋਜ਼ਾਨਾ ਹੀ ਗਾਵਾਂ ਦੀ ਮੌਤ ਹੋ ਰਹੀ ਹੈ, ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ । ਜਥੇਦਾਰ ਚੀਮਾ ਨੇ ਕਿਹਾ ਕਿ ਹਰੇਕ ਪਿੰਡ ਅਤੇ ਲਗਭਗ ਹਰੇਕ ਘਰ ਜਿਸ ਵਿੱਚ ਕਿਸਾਨਾਂ ਵੱਲੋਂ ਗਾਵਾਂ ਰੱਖੀਆਂ ਹੋਈਆਂ ਹਨ ਉੱਥੇ ਜਾ ਕੇ ਸਬੰਧਤ ਡਾਕਟਰਾਂ ਵੱਲੋਂ ਗਾਵਾਂ ਦਾ ਚੈੱਕਅੱਪ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਇਸ ਲੰਪੀ ਸਕਿਨ ਨਾਂ ਦੀ ਬਿਮਾਰੀ ਤੋਂ ਛੁਟਕਾਰਾ ਮਿਲ ਸਕੇ ।ਜਥੇਦਾਰ ਚੀਮਾ ਨੇ ਕਿਹਾ ਕਿ ਕਈ ਕਿਸਾਨਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੀਆਂ ਗਾਵਾਂ ਦਾ ਇਲਾਜ ਕਰਾਉਣ ਲਈ ਮਹਿੰਗੇ ਭਾਅ ਤੇ ਪ੍ਰਾਈਵੇਟ ਡਾਕਟਰਾਂ ਹੱਥੋਂ ਇਲਾਜ ਕਰਵਾਉਣਾ ਪੈ ਰਿਹਾ ਹੈ ਜੋ ਕਿ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਕ ਗਾਂ ਦਾ ਇਲਾਜ ਕਰਵਾਉਣ ਲਈ ਪ੍ਰਾਈਵੇਟ ਤੌਰ ਤੇ 700 ਤੋਂ 100 ਰੁਪਏ ਤੱਕ ਦਾ ਖਰਚ ਰੋਜ਼ਾਨਾ ਦਾ ਆ ਰਿਹਾ ਹੈ ਤੇ ਇਕ ਘਰ ਵਿਚ ਲਗਭਗ ਪੰਜ ਤੋਂ ਸੱਤ ਗਾਵਾਂ ਤੱਕ ਦੀ ਗਿਣਤੀ ਹੈ ।ਜਥੇਦਾਰ ਚੀਮਾ ਨੇ ਕਿਹਾ ਕਿ ਕਿਸਾਨੀ ਤਾ ਪਹਿਲਾਂ ਹੀ ਘਾਟੇ ਵਾਲਾ ਧੰਦਾ ਬਣ ਕੇ ਰਹਿ ਗਈ ਹੈ ਅਤੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਮੰਦਹਾਲੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉੱਪਰੋਂ ਇਸ ਲੰਪੀ ਸਕਿਨ ਨਾਂ ਦੀ ਬਿਮਾਰੀ ਨੇ ਕਿਸਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਉਨ੍ਹਾਂ ਦੀਆਂ ਲੱਖਾਂ ਦੀਆਂ ਕੀਮਤਾਂ ਵਾਲੀਆਂ ਗਾਵਾਂ ਦੀ ਅਜਾਈਂ ਜਾਣ ਜਾ ਰਹੀ ਹੈ ।
ਜਥੇਦਾਰ ਚੀਮਾ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਗਾਂਵਾਂ ਦੀ ਇਸ ਲੰਪੀ ਸਕਿਨ ਨਾਂ ਦੀ ਬੀਮਾਰੀ ਦੇ ਘੇਰੇ ਵਿੱਚ ਆ ਜਾਣ ਨਾਲ ਮੌਤ ਹੋਈ ਹੈ । ਉਨ੍ਹਾਂ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਨੂੰ ਆਰਥਿਕ ਤੌਰ ਤੇ ਕੁਝ ਰਾਹਤ ਮਿਲ ਸਕੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਬੌੜ, ਸਾਬਕਾ ਵਾਈਸ ਚੇਅਰਮੈਨ ਜਥੇਦਾਰ ਸਵਰਨ ਸਿੰਘ ਗੋਪਾਲੋ, ਗੁਰਦੀਪ ਸਿੰਘ ਨੌਲਖਾ ਅਤੇ ਹੋਰ ਅਕਾਲੀ ਦਲ ਦੇ ਆਗੂ ਸਾਹਿਬਾਨ ਵੀ ਹਾਜ਼ਰ ਸਨ ।
