Governance
ਅਕਾਲੀ ਦਲ (ਟਕਸਾਲੀ) ਲੜੇਗੀ SGPC ਚੋਣਾਂ
- ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਐਲਾਨ
- 8 ਅਹਿਮ ਮਤੇ ਕੀਤੇ ਗਏ ਪਾਸ
ਚੰਡੀਗੜ੍ਹ, 17 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਬੀਤੇ ਦਿਨ ਪਾਰਟੀ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਕੀਤੀ ਗਈ। ਜਿਸ ‘ਚ 8 ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੰਥਕ ਅਕਾਲੀ ਲਹਿਰ ਨੂੰ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ‘ਚ ਪੂਰਨ ਹਮਾਇਤ ਦੇਣ ਦਾ ਐਲਾਨ ਕਰਦਿਆ ਕਿਹਾ ਗਿਆ ਕਿ ਬੀਤੇ ਦਿਨੀਂ ਭਾਈ ਰਣਜੀਤ ਸਿੰਘ ਨੇ ਬ੍ਰਹਮਪੁਰਾ ਨਾਲ ਮੀਟਿੰਗ ਕੀਤੀ ਸੀ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਗਿਆ, ਜਿਸ ‘ਚ ਕਰਨੈਲ ਸਿੰਘ ਪੀਰ ਮੁਹੰਮਦ, ਜੱਥੇ. ਗੁਰਪ੍ਰਤਾਪ ਸਿੰਘ ਰਿਆੜ ਅਤੇ ਜੱਥੇ. ਮਹਿੰਦਰ ਸਿੰਘ ਹੁਸੈਨਪੁਰ ਅਤੇ ਜੱਥੇ. ਮੱਖਣ ਸਿੰਘ ਨੰਗਲ ਨੂੰ ਸ਼ਾਮਲ ਕੀਤਾ ਗਿਆ। ਹੁਣ ਇਸ ਕਮੇਟੀ ਦੇ ਕੁੱਲ 8 ਮੈਂਬਰ ਹੋਣਗੇ। ਮੀਟਿੰਗ ਦੌਰਾਨ ਸੁਖਬੀਰ ਬਾਦਲ ਵੱਲੋਂ ਵੋਟਾਂ ਦੀ ਖਾਤਰ ਝੂਠੇ ਸਾਧ ਰਾਮ ਰਹੀਮ ਨਾਲ ਮਿਲ ਕੇ ਕੀਤੀ ਕਾਰਵਾਈ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ। ਪਾਰਟੀ ਵੱਲੋਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਕੈਪਟਨ ਸਰਕਾਰ ਨੂੰ ਇਸ ਮਾਮਲੇ ‘ਚ ਸੁਖਬੀਰ ਖਿਲਾਫ਼ ਸਖਤ ਕਾਰਵਾਈ ਕਰਨ ਦੀ ਪੁਰਜ਼ੋਰ ਸ਼ਬਦਾਂ ‘ਚ ਅਪੀਲ ਕੀਤੀ ਗਈ।