Punjab
ਚਾਰ ਵੱਡੇ ਲੀਡਰਾਂ ਦੀ ਗੈਰ ਹਾਜ਼ਰੀ ਦੇ ਬਾਵਜੂਦ ਪੁਨਰ ਸੁਰਜੀਤ ਦੀ ਕਾਨਫਰੰਸ ਸਫਲ-ਭਾਜਪਾ ਨਾਲ ਨੇੜਤਾ ਦੇ ਸੰਕੇਤ!
ਹੋਲੇ ਮਹੱਲੇ ਦੇ ਮੌਕੇ ‘ਤੇ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਕੀਤੀ ਗਈ ਕਾਨਫਰੰਸ ਨੂੰ ਪਾਰਟੀ ਲਈ ਹੌਂਸਲਾ ਅਫ਼ਜ਼ਾਈ ਵਜੋਂ ਦੇਖਿਆ ਜਾ ਰਿਹਾ ਹੈ। ਚਾਰ ਵੱਡੇ ਲੀਡਰਾਂ ਦੀ ਗੈਰਹਾਜ਼ਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਸਮਰਥਕਾਂ ਦੀ ਹਾਜ਼ਰੀ ਨੇ ਇਹ ਸੰਦੇਸ਼ ਦਿੱਤਾ ਕਿ ਪਾਰਟੀ ਜ਼ਮੀਨੀ ਪੱਧਰ ‘ਤੇ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕਾਨਫਰੰਸ ਵਿੱਚ ਬੀਬੀ ਜਗੀਰ ਕੌਰ, ਮਨਪ੍ਰੀਤ ਸਿੰਘ ਇਆਲੀ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਇਕਬਾਲ ਸਿੰਘ ਝੂੰਦਾ ਸ਼ਾਮਲ ਨਹੀਂ ਹੋਏ। ਪਾਰਟੀ ਦੇ ਇੱਕ ਸੀਨੀਅਰ ਆਗੂ ਮੁਤਾਬਕ ਇਕਬਾਲ ਸਿੰਘ ਝੂੰਦਾ ਦੇ ਪਰਿਵਾਰ ਵਿੱਚ ਵਿਆਹ ਸਮਾਗਮ ਸੀ ਅਤੇ ਬੀਬੀ ਜਗੀਰ ਕੌਰ ਦੀ ਸਿਹਤ ਠੀਕ ਨਹੀਂ ਸੀ। ਹਾਲਾਂਕਿ ਮਨਪ੍ਰੀਤ ਸਿੰਘ ਇਆਲੀ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਗੈਰਹਾਜ਼ਰੀ ਬਾਰੇ ਸਪੱਸ਼ਟ ਜਵਾਬ ਨਾ ਮਿਲਣਾ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁੱਝ ਵਿਸ਼ਲੇਸ਼ਕ ਇਸਨੂੰ ਅੰਦਰੂਨੀ ਅਸਹਿਮਤੀ ਜਾਂ ਭਵਿੱਖੀ ਸਿਆਸੀ ਦਿਸ਼ਾ ਨਾਲ ਜੋੜ ਕੇ ਦੇਖ ਰਹੇ ਹਨ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਹਾਜ਼ਰੀ ਨੇ ਖਾਸ ਧਿਆਨ ਖਿੱਚਿਆ। ਸਿਆਸੀ ਮਾਹਿਰ ਮੰਨਦੇ ਹਨ ਕਿ ਉਨ੍ਹਾਂ ਦੀ ਸ਼ਮੂਲੀਅਤ ਅਕਾਲੀ ਦਲ ਪੁਨਰ ਸੁਰਜੀਤ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਵਧ ਰਹੀ ਨੇੜਤਾ ਦੇ ਸੰਕੇਤ ਦੇ ਸਕਦੀ ਹੈ। ਕਾਲਕਾ ਦੇ ਨੇੜਲੇ ਸਾਥੀ ਮਨਜਿੰਦਰ ਸਿੰਘ ਸਿਰਸਾ ਪਹਿਲਾਂ ਹੀ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਦਿੱਲੀ ਦੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦਾਅਵਾ ਕੀਤਾ ਕਿ ਕੁਝ ਨੇਤਾ ਘਰ ਵਾਪਸੀ ਬਾਰੇ ਵਿਚਾਰ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਵੱਡਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਪਾਰਟੀ ਦੇ ਨਵੇਂ ਏਜੰਡੇ ਨਾਲ ਸਹਿਮਤ ਹਨ।
ਕਾਨਫਰੰਸ ਦਾ ਇੱਕ ਹੋਰ ਅਹਿਮ ਪਹਿਲੂ ਗਿਆਨੀ ਰਘਬੀਰ ਸਿੰਘ ਦੀ ਹਾਜ਼ਰੀ ਰਹੀ, ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਬਾਦਲ ਪਰਿਵਾਰ ‘ਤੇ ਲਗਾਏ ਪੁਰਾਣੇ ਇਲਜ਼ਾਮਾਂ ਨੂੰ ਦੁਹਰਾਉਂਦੇ ਹੋਏ ਅਕਾਲੀ ਸਿਆਸਤ ਵਿੱਚ ਸਿਧਾਂਤਕ ਬਦਲਾਅ ਦੀ ਲੋੜ ਉੱਤੇ ਜ਼ੋਰ ਦਿੱਤਾ।
ਭਾਜਪਾ ਨਾਲ ਨੇੜਤਾ ਦਾ ਸਿੱਧਾ ਮਤਲਬ ਇਹ ਹੈ ਕਿ ਬਾਦਲ ਦਲ ਦੀ ਤੱਕੜੀ ਜ਼ਬਤ ਹੋ ਸਕਦੀ ਹੈ ਕਿਉਕਿ ਮਾਨਤਾ ਲਈ ਪਟੀਸ਼ਨ ਚੋਣ ਕਮਿਸ਼ਨ ਕੋਲ ਪਈ ਹੈ। ਜੇਕਰ ਨਵੀਂ ਪਾਰਟੀ ਨੂੰ ਅਧਿਕਾਰਕ ਮਾਨਤਾ ਮਿਲਦੀ ਹੈ ਤਾਂ ਚੋਣ ਨਿਸ਼ਾਨ ‘ਤੱਕੜੀ’ ਨੂੰ ਲੈ ਕੇ ਕਾਨੂੰਨੀ ਅਤੇ ਸਿਆਸੀ ਟਕਰਾਅ ਹੋ ਸਕਦਾ ਹੈ, ਕਿਉਂਕਿ ਇਹ ਨਿਸ਼ਾਨ ਰਵਾਇਤੀ ਤੌਰ ‘ਤੇ ਬਾਦਲ ਦਲ ਨਾਲ ਜੋੜਿਆ ਜਾਂਦਾ ਹੈ। ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਕੇਂਦਰ ਨਾਲ ਨੇੜਤਾ ਪਾਰਟੀ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ। ਕਾਨਫਰੰਸ ਦੌਰਾਨ ਪਾਰਟੀ ਨੇ ਆਪਣੀ ਰਾਜਨੀਤਿਕ ਦਿਸ਼ਾ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਆਧਾਰ ‘ਤੇ ਫੈਡਰਲ ਢਾਂਚੇ ਦੀ ਮਜ਼ਬੂਤੀ ਅਤੇ ਰਾਜਾਂ ਦੇ ਅਧਿਕਾਰਾਂ ਲਈ ਸੰਘਰਸ਼ ਜਾਰੀ ਰੱਖੇਗੀ। ਕੁੱਲ ਮਿਲਾ ਕੇ, ਇਹ ਕਾਨਫਰੰਸ ਅਕਾਲੀ ਦਲ ਪੁਨਰ ਸੁਰਜੀਤ ਲਈ ਤਾਕਤ ਦੇ ਪ੍ਰਦਰਸ਼ਨ ਵਜੋਂ ਸਾਹਮਣੇ ਆਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਜੋਸ਼ ਆਉਣ ਵਾਲੇ ਦਿਨਾਂ ਵਿੱਚ ਚੋਣ ਮੈਦਾਨ ਵਿੱਚ ਵੀ ਕਾਇਮ ਰਹਿੰਦਾ ਹੈ ਜਾਂ ਨਹੀਂ।
ਕੁਲਵੰਤ ਸਿੰਘ ਗੱਗੜਪੁਰੀ

