National
ਆਂਧਰਾ ਪ੍ਰਦੇਸ਼ ਦੀ ਸੰਸਦ ਦੀ ਧੀ ਨੇ ਫੁੱਟਪਾਥ ‘ਤੇ ਸੌਂ ਰਹੇ ਵਿਅਕਤੀ ‘ਤੇ ਚੜ੍ਹਾਈ ਕਾਰ
ਚੇੱਨਈ : ਆਂਧਰਾ ਪ੍ਰਦੇਸ਼ YSRCP ਸੰਸਦ ਮੈਂਬਰ ਬੀਡਾ ਮਸਤਾਨ ਰਾਓ ਦੀ ਧੀ ਮਾਧੁਰੀ ਨੇ ਸੋਮਵਾਰ ਸ਼ਾਮ ਨੂੰ ਚੇੱਨਈ ਵਿੱਚ ਇੱਕ ਵਿਅਕਤੀ ‘ਤੇ ਆਪਣੀ ਕਾਰ ਚੜ੍ਹਾ ਦਿੱਤੀ। ਉਸ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ। ਮਾਧੁਰੀ ਨੂੰ ਮੰਗਲਵਾਰ ਨੂੰ ਚੇੱਨਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਕਿਵੇਂ ਵਾਪਰਿਆ ਹਾਦਸਾ
ਪੀੜਤ ਸੂਰਿਆ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਚੇੱਨਈ ਦੇ ਬਸੰਤ ਨਗਰ ਇਲਾਕੇ ‘ਚ ਫੁੱਟਪਾਥ ਨੇੜੇ ਸੜਕ ਕਿਨਾਰੇ ਪਿਆ ਹੋਇਆ ਸੀ। ਮਾਧੁਰੀ ਤੇ ਉਸਦੀ ਦੋਸਤ ਕਾਰ ਵਿਚ ਜਾ ਰਹੇ ਸੀ ਤੇ ਉਨ੍ਹਾਂ ਨੇ ਬਿਨਾਂ ਧਿਆਨ ਦਿੱਤੇ ਕਾਰ ਸੂਰਿਆ ‘ਤੇ ਚੜ੍ਹਾ ਦਿੱਤੀ। ਪੀੜਤ ਦੀ ਪਤਨੀ ਵਿਨੀਤਾ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਮੌਤ ਲਈ ਇਨਸਾਫ਼ ਚਾਹੁੰਦੀ ਹੈ। ਉਸਨੇ ਜਾਣਕਾਰੀ ਦਿੰਦਿਆਂ ਦੱਸਿਆ, “ਮੇਰਾ ਵਿਆਹ ਅੱਠ ਮਹੀਨੇ ਪਹਿਲਾਂ ਹੋਇਆ ਸੀ। ਸੂਰਿਆ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ ਅਤੇ ਬਾਅਦ ਵਿੱਚ ਸੜਕ ਦੇ ਇੱਕ ਕੋਨੇ ‘ਤੇ ਸੌਂ ਗਿਆ।”
ਵਿਨੀਤਾ ਨੇ ਮਾਧੁਰੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਵੀ ਡਰਾਈਵਿੰਗ ਦੌਰਾਨ ਨਸ਼ੇ ‘ਚ ਸੀ। ਉਸਨੇ ਕਿਹਾ, “ਉਸ ਔਰਤ ਨੇ ਵੀ ਸ਼ਰਾਬ ਪੀ ਹੋਈ ਸੀ। ਉਸ ਨੇ ਯੂ-ਟਰਨ ਲਿਆ ਅਤੇ ਕਾਰ ਮੇਰੇ ਪਤੀ ਦੇ ਉੱਪਰ ਚੜ੍ਹਾ ਦਿੱਤੀ। ਉੱਥੇ ਮੌਜੂਦ ਲੋਕਾਂ ਦੇ ਰੌਲਾ ਪਾਉਣ ਦੇ ਬਾਵਜੂਦ ਉਸ ਨੇ ਕੋਈ ਗੱਲ ਨਹੀਂ ਸੁਣੀ। ਉਹ ਸੜਕ ‘ਤੇ ਸੌਂ ਰਹੇ ਵਿਅਕਤੀ ਨੂੰ ਕਿਵੇਂ ਨਹੀਂ ਦੇਖ ਸਕਦੀ?” ਹਾਦਸੇ ਤੋਂ ਬਾਅਦ ਸਥਾਨਕ ਲੋਕ ਮੌਕੇ ‘ਤੇ ਇਕੱਠੇ ਹੋ ਗਏ।
ਚੇੱਨਈ ਪੁਲਿਸ ਨੇ ਦਿੱਤੀ ਜਾਣਕਾਰੀ
ਚੇੱਨਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਐਂਬੂਲੈਂਸ ਨੂੰ ਬੁਲਾਉਣ ਲਈ ਜਿਸ ਨੰਬਰ ਤੋਂ ਫ਼ੋਨ ਕੀਤਾ ਸੀ ਉਸ ਦੀ ਮਦਦ ਨਾਲ MP ਦੀ ਧੀ ਅਤੇ ਉਸਦੇ ਦੋਸਤ ਦਾ ਪਤਾ ਲਗਾਇਆ ਗਿਆ। ਇਹ ਵੀ ਪਤਾ ਲੱਗਾ ਕਿ ਕਾਰ ਪੁਡੂਚੇਰੀ ਵਿੱਚ ਰਜਿਸਟਰਡ ਸੀ।
ਮਾਮਲਾ ਦਰਜ ਕੀਤਾ
ਸੂਰਿਆ ਦੀ ਪਤਨੀ ਵਿਨੀਤਾ ਦੀ ਸ਼ਿਕਾਇਤ ‘ਤੇ IPC ਦੀ ਧਾਰਾ 304 (A) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਮੰਗਲਵਾਰ ਨੂੰ ਮਾਧੁਰੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।