Punjab
ਪੰਜਾਬ ਦੇ ਪਿੰਡ-ਪਿੰਡ ‘ਚ ਹੋ ਰਹੀਆਂ ਅਨਾਊਂਸਮੈਂਟਾਂ! ਲੋਕਾਂ ਦੇ ਸੁੱਕੇ ਸਾਹ
ਇਸ ਸਮੇਂ ਪੰਜਾਬ ‘ਚ ਹੜ੍ਹ ਆਫ਼ਤ ਬਣਿਆ ਹੋਇਆ ਹੈ। ਕਰੀਬ 6 ਜ਼ਿਲ੍ਹੇ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਕਈ ਹੋਰ ਥਾਵਾਂ ਤੇ ਵੀ ਬੇਹੱਦ ਮੰਦੇ ਹਾਲਾਤਾਂ ਦਾ ਲੋਕ ਸਾਹਮਣਾ ਕਰ ਰਹੇ ਹਨ। ਪਹਾੜਾਂ ਵਿੱਚ ਲਗਾਤਾਰ ਪੈ ਰਿਹਾ ਮੀਂਹ ਨੇ ਪੰਜਾਬ ਦੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ। ਇਸ ਦੇ ਚੱਲਦਿਆਂ ਹੁਣ ਸਰਹੱਦੀ ਇਲਾਕੇ ‘ਚ ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਹਰੀਕੇ ਹੈੱਡ ਵਰਕਸ ਤੋਂ ਇਕ ਲੱਖ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਤੋਂ ਇਲਾਵਾ 50 ਹਜ਼ਾਰ ਕਿਊਸਿਕ ਪਾਣੀ ਹੁਸੈਨੀਵਾਲਾ ਵੱਲ ਛੱਡਿਆ ਗਿਆ ਹੈ। ਇਸ ਕਾਰਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ‘ਚੋਂ ਬਾਹਰ ਭੇਜ ਦੇਣ।
ਇਸ ਸਬੰਧੀ ਗੁਰਦੁਆਰਿਆਂ ‘ਚ ਅਨਾਊਂਸਮੈਂਟਾਂ ਕਰਵਾਈਆਂ ਜਾ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਏ. ਡੀ. ਸੀ. ਵਿਕਾਸ ਫ਼ਾਜ਼ਿਲਕਾ ਸੁਭਾਸ਼ ਚੰਦਰ ਨੇ ਦੱਸਿਆ ਕਿ ਸੋਮਵਾਰ ਨੂੰ ਹਰੀਕੇ ਹੈੱਡ ਵਰਕਸ ਤੋਂ ਇਕ ਲੱਖ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਤੋਂ ਬਾਅਦ ਹੋਰ ਪਾਣੀ ਛੱਡਣ ਦੀ ਵੀ ਸੰਭਾਵਨਾ ਬਣੀ ਹੋਈ ਹੈ। ਜਿਸ ਕਾਰਨ ਸਰਹੱਦੀ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ।
ਹਰੀਕੇ ਹੈੱਡ ਤੋਂ ਇੱਕ ਲੱਖ 84 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਫਿਰੋਜ਼ਪੁਰ ਦੇ ਹੇਠਲੇ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ। ਖ਼ਾਸ ਕਰਕੇ ਕਾਲੂਵਾਲਾ ਪਿੰਡ ਵਿੱਚ ਪਾਣੀ ਦਾਖ਼ਲ ਹੋਣ ਨਾਲ ਲੋਕਾਂ ਦੇ ਘਰ ਤੇ ਖੇਤ ਪ੍ਰਭਾਵਿਤ ਹੋ ਰਹੇ ਹਨ। ਇਸੇ ਤਰ੍ਹਾਂ ਟੈਂਡੀਵਾਲਾ ਪਿੰਡ ਵਿੱਚ ਵੀ ਪਾਣੀ ਵਧਣ ਕਰਕੇ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਪ੍ਰਭਾਵਿਤ ਪਰਿਵਾਰਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਉੱਚੇ ਇਲਾਕਿਆਂ ਵਿੱਚ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਬਚਾਅ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ, ਤਾਂ ਜੋ ਪਾਣੀ ਵਧਣ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਤੁਰੰਤ ਸੁਰੱਖਿਅਤ ਥਾਵਾਂ ਵੱਲ ਰਵਾਨਾ ਹੋਣ।
