International
ਇਜ਼ਰਾਈਲੀ PM ਨੇਤਨਯਾਹੂ ਦੇ ਘਰ ‘ਤੇ ਹਮਲਾ, ਵਿਹੜੇ ‘ਚ ਸੁੱਟੇ ਅੱਗ ਦੇ ਗੋਲੇ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੀਜੈਰੀਆ ਸਥਿਤ ਘਰ ‘ਤੇ ਫਿਰ ਹਮਲਾ ਹੋਇਆ ਹੈ। ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਪ੍ਰਧਾਨ ਮੰਤਰੀ ਦੇ ਘਰ ਵੱਲ ਅੱਗ ਦੇ ਗੋਲੇ ਫਾਇਰ ਕੀਤੇ ਗਏ, ਜੋ ਘਰ ਦੇ ਵਿਹੜੇ ਵਿੱਚ ਡਿੱਗ ਪਏ। ਇਜ਼ਰਾਈਲ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਮਲਾ ਕਿੱਥੋਂ ਹੋਇਆ ਅਤੇ ਕਿਸ ਨੇ ਕੀਤਾ, ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਜ਼ਰਾਇਲੀ ਸੁਰੱਖਿਆ ਏਜੰਸੀ ਸ਼ਿਨ ਬੇਟ ਨੇ ਇਕ ਬਿਆਨ ‘ਚ ਕਿਹਾ ਕਿ ਘਟਨਾ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸੁਰੱਖਿਆ ਏਜੰਸੀ ਨੇ ਇਹ ਵੀ ਕਿਹਾ ਕਿ ਹਮਲੇ ਦੇ ਸਮੇਂ ਨੇਤਨਯਾਹੂ ਅਤੇ ਉਨ੍ਹਾਂ ਦਾ ਪਰਿਵਾਰ ਘਰ ‘ਚ ਨਹੀਂ ਸੀ। ਉਨ੍ਹਾਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਘਰ ‘ਤੇ ਹੋਏ ਇਸ ਹਮਲੇ ਦੀ ਸਾਰੀਆਂ ਸਿਆਸੀ ਪਾਰਟੀਆਂ ਨੇ ਨਿੰਦਿਆ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾਵਾਂ ਯੇਅਰ ਲੈਪਿਡ ਅਤੇ ਬੈਨੀ ਗੈਂਟਜ਼ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਸੁਰੱਖਿਆ ਏਜੰਸੀਆਂ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਆਇਰਨ ਡੋਮ ਹੋਣ ਦੇ ਬਾਵਜੂਦ ਇਜ਼ਰਾਈਲ ਹਮਲੇ ਰੋਕਣ ਦੇ ਸਮਰੱਥ ਕਿਉਂ ਨਹੀਂ ਹੈ?
ਯੇਰੂਸ਼ਲਮ ਪੋਸਟ ਦੀ ਰਿਪੋਰਟ ਮੁਤਾਬਕ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਨੂੰ ਲੰਬੀ ਦੂਰੀ ਦੀ ਮਿਜ਼ਾਈਲ ਨੂੰ ਹਰਾਉਣ ‘ਚ ਜ਼ਿਆਦਾ ਮੁਸ਼ਕਲ ਨਹੀਂ ਆਉਂਦੀ। ਪਰ ਸੁਰੱਖਿਆ ਪ੍ਰਣਾਲੀ ਘੱਟ ਦੂਰੀ ਦੇ ਰਾਕੇਟ ਜਾਂ ਡਰੋਨ ਨੂੰ ਫੜਨ ਵਿੱਚ ਅਸਫਲ ਸਾਬਤ ਹੋ ਰਹੀ ਹੈ।ਪਿਛਲੀ ਵਾਰ ਜਦੋਂ ਨੇਤਨਯਾਹੂ ਦੇ ਘਰ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਤਾਂ ਇਜ਼ਰਾਈਲ ਨੂੰ ਸਿਰਫ ਇਕ ਡਰੋਨ ਨੂੰ ਮਾਰਨ ਲਈ ਚਾਰ ਲੜਾਕੂ ਜਹਾਜ਼ ਅਤੇ ਇਕ ਮਿਜ਼ਾਈਲ ਛੱਡਣੀ ਪਈ ਸੀ।
ਰੱਖਿਆ ਮਾਹਿਰ ਲਿਰਨ ਐਂਟੇਬੇ ਨੇ ਕਿਹਾ ਕਿ ਡਰੋਨ ਬਹੁਤ ਘੱਟ ਉਚਾਈ ‘ਤੇ ਉੱਡਦਾ ਹੈ। ਉਸ ਸਮੇਂ ਇਸ ਨੂੰ ਨਿਸ਼ਾਨਾ ਬਣਾਉਣਾ ਖਤਰਨਾਕ ਹੋ ਸਕਦਾ ਹੈ, ਕਿਉਂਕਿ ਇਹ ਵਿਸਫੋਟਕਾਂ ਨਾਲ ਭਰਿਆ ਹੁੰਦਾ ਹੈ। ਇਸ ਨਾਲ ਘਰਾਂ ਅਤੇ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ।
ਇਜ਼ਰਾਈਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਡਰੋਨ ਜਾਂ ਮਿਜ਼ਾਈਲ ਨਾਲ ਵੱਡੇ ਪੱਧਰ ‘ਤੇ ਹਮਲਾ ਹੁੰਦਾ ਹੈ ਤਾਂ ਵੀ ਇਜ਼ਰਾਈਲ ਕੋਲ ਉਸ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਨਹੀਂ ਹਨ। ਉਨ੍ਹਾਂ ਕਿਹਾ ਕਿ ਕੁਝ ਮਿਜ਼ਾਈਲਾਂ ਨੂੰ ਰੋਕਿਆ ਜਾ ਸਕਦਾ ਹੈ, ਪਰ ਆਇਰਨ ਡੋਮ ਲਈ ਵੀ ਕਈ ਅਚਨਚੇਤੀ ਹਮਲਿਆਂ ਨੂੰ ਰੋਕਣਾ ਸੰਭਵ ਨਹੀਂ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 19 ਅਕਤੂਬਰ ਨੂੰ ਨੇਤਨਯਾਹੂ ਦੇ ਘਰ ‘ਤੇ ਹਿਜ਼ਬੁੱਲਾ ਨੇ ਹਮਲਾ ਕੀਤਾ ਸੀ।ਉਦੋਂ ਇੱਕ ਡਰੋਨ ਨੇਤਨਯਾਹੂ ਦੇ ਘਰ ਨੇੜੇ ਇੱਕ ਇਮਾਰਤ ‘ਤੇ ਡਿੱਗਿਆ ਸੀ।ਉਦੋਂ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਉਸ ਸਮੇਂ ਵੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਘਰ ‘ਚ ਨਹੀਂ ਸਨ।