National
ਮੰਦਰ ‘ਚ ਮੱਥਾ ਟੇਕਣ ਦੌਰਾਨ ਮੱਚੀ ਹਫੜਾ-ਦਫੜੀ, 7 ਸ਼ਰਧਾਲੂਆਂ ਦੀ ਮੌਤ ਤੇ ਕਈ ਜ਼ਖ਼ਮੀ
ਸਾਵਣ ਮਹੀਨੇ ਦੇ ਆਖਰੀ ਹਫਤੇ ਦੌਰਾਨ ਬੇਹੱਦ ਮੰਦਭਾਗੀ ਅਜਿਹੀ ਘਟਨਾ ਵਾਪਰ ਗਈ, ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਖ਼ਬਰ ਬਿਹਾਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਕ ਮੰਦਰ ਵਿੱਚ ਭਾਜੜਾਂ ਪੈਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਦੌਰਾਨ 7 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਇਹ ਹਾਦਸਾ ਸਾਵਣ ਦੇ ਚੌਥੇ ਸੋਮਵਾਰ ਨੂੰ ਬਿਹਾਰ ਦੇ ਜਹਾਨਾਬਾਦ ‘ਚ ਸ਼ਰਾਣੀ ਮੇਲੇ ਦੌਰਾਨ ਵਾਪਰਿਆ ਹੈ। ਇਸ ਦੌਰਾਨ ਸਿੱਧੇਸ਼ਵਰਨਾਥ ਮੰਦਰ ‘ਚ ਅਚਾਨਕ ਹਫੜਾ-ਦਫੜੀ ਮੱਚ ਗਈ ਸੀ। ਪਤਾ ਲੱਗਿਆ ਹੈ ਕਿ ਸਾਵਣ ਦਾ ਚੌਥਾ ਸੋਮਵਾਰ ਹੋਣ ਕਰਕੇ ਭੀੜ ਬਹੁਤ ਸੀ। ਬਾਰਾਬਾਰ ਪਹਾੜੀ ‘ਤੇ ਚੜ੍ਹਦੇ ਸਮੇਂ ਪੌੜੀਆਂ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਸ਼ਰਧਾਲੂ ਭੱਜਣ ਲੱਗੇ ਅਤੇ ਦੱਬ ਗਏ। ਇਸ ਵਿੱਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਜਹਾਨਾਬਾਦ ਦੀ ਡੀ.ਐਮ ਅਲੰਕ੍ਰਿਤਾ ਪਾਂਡੇ ਨੇ ਕਿਹਾ, ‘ਭਗਦੜ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ । ਅਸੀਂ ਹਰ ਚੀਜ਼ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਸਥਿਤੀ ਹੁਣ ਕਾਬੂ ਹੇਠ ਹੈ। ਦੂਜੇ ਪਾਸੇ ਜਹਾਨਾਬਾਦ ਦੇ ਐੱਸ.ਐੱਚ.ਓ. ਦਿਵਾਕਰ ਕੁਮਾਰ ਵਿਸ਼ਵਕਰਮਾ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।