Connect with us

National

ਇਮਰਾਨ ਖ਼ਾਨ ਨੂੰ ਜ਼ਮਾਨਤ -ਜਾਣੋ ਉਨ੍ਹਾਂ ਨਾਲ ਜੁੜੇ ਵਿਵਾਦਾਂ ਬਾਰੇ

Published

on

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਜ਼ਮਾਨਤ ਮਿਲ ਗਈ। ਇਸਲਾਮਾਬਾਦ ਹਾਈ ਕੋਰਟ ਵੱਲੋਂ 19 ਕਰੋੜ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ। ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ‘ਤੇ ਇੱਕ ਰੀਅਲ ਅਸਟੇਟ ਵਪਾਰੀ ਤੋਂ ਰਿਸ਼ਵਤ ਵਜੋਂ ਅਰਬਾਂ ਰੁਪਏ ਦੀ ਜ਼ਮੀਨ ਲੈਣ ਦਾ ਇਲਜ਼ਾਮ ਸੀ। 9 ਮਈ 2023 ਨੂੰ ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ ਵਿੱਚ ਪੇਸ਼ੀ ਭੁਗਤਣ ਗਏ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਸਲਾਮਾਬਾਦ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਇਮਰਾਨ ਖ਼ਾਨ ਨੂੰ ਜ਼ਮਾਨਤ ਲਈ 10 ਲੱਖ ਰੁਪਏ ਦਾ ਮੁਚੱਲਕਾ ਭਰਨ ਲਈ ਆਖਿਆ ਸੀ, ਹਾਲਾਂਕਿ ਅਦਾਲਤ ਦੇ ਇਸ ਫੈਸਲੇ ਦਾ ਇਸ ਗੱਲ ‘ਤੇ ਕੋਈ ਖਾਸ ਅਸਰ ਨਹੀਂ ਪਵੇਗਾ ਕਿ ਉਨ੍ਹਾਂ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਰਿਹਾਅ ਕੀਤਾ ਜਾਂਦਾ ਹੈ ਜਾਂ ਨਹੀਂ…ਕਿਉਂਕਿ ਗੁਪਤ ਦਸਤਾਵੇਜ਼ਾਂ ਅਤੇ ਹੋਰ ਕਈ ਮਾਮਲਿਆਂ ’ਚ ਉਨ੍ਹਾਂ ਦੀ ਸਜ਼ਾ ਫਿਲਹਾਲ ਮੁਅੱਤਲ ਹੈ।

ਇਮਰਾਨ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ

ਵਿਵਾਦਾਂ ਵਿੱਚ ਰਹਿਣ ਵਾਲੇ ਇਮਰਾਨ ਖ਼ਾਨ ਖ਼ਿਲਾਫ਼ ਹੁਣ ਤੱਕ 150 ਤੋਂ ਵੱਧ ਕਾਨੂੰਨੀ ਕੇਸ ਚਲ ਰਹੇ ਹਨ। ਇਨ੍ਹਾਂ ਵਿੱਚੋਂ ਤੋਸ਼ਾਖਾਨਾ ਮਾਮਲਾ ਕਾਫੀ ਮਸ਼ਹੂਰ ਹੈ, ਪ੍ਰਧਾਨ ਮੰਤਰੀ ਰਹਿੰਦਿਆਂ ਇਮਰਾਨ ਖ਼ਾਨ ‘ਤੇ ਤੋਸ਼ਾਖਾਨੇ ‘ਚ ਰੱਖੇ ਤੋਹਫ਼ਿਆਂ ਨੂੰ ਘੱਟ ਕੀਮਤ ‘ਤੇ ਖ਼ਰੀਦਣ ਅਤੇ ਫਿਰ ਮੁਨਾਫ਼ਾ ਕਮਾਉਣ ਲਈ ਵੇਚਣ ਦੇ ਇਲਜ਼ਾਮ ਵੀ ਲੱਗੇ ਸੀ।

ਇਸ ਤੋਂ ਇਲਾਵਾ ਸੱਤਾ ਤੇ ਕਾਬਜ਼ ਹੋਣ ਸਮੇਂ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਇਕ ਯੂਨੀਵਰਸਿਟੀ ਬਣਾਉਣ ਦੀ ਇਜ਼ਾਜਤ ਦਿੱਤੀ ਸੀ। ਜਿਸ ਲਈ ਸਰਕਾਰ ਨੇ ਜ਼ਮੀਨ ਵੀ ਖਰੀਦੀ ਸੀ ਪਰ ਇਸ ਵਿੱਚ ਵੀ ਹੋਏ ਕਥਿਤ ਭ੍ਰਿਸ਼ਟਾਚਾਰ ਦਾ ਇਲਜ਼ਾਮ ਵੀ ਸਾਬਕਾ ਪੀ ਐੱਮ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਦੇ ਸਿਰ ‘ਤੇ ਮੜ੍ਹਿਆ ਗਿਆ ਸੀ।

ਇਮਰਾਨ ਖਾਨ ਦੇ ਬਿਆਨ ਵੀ ਕਾਫੀ ਸੁਰਖੀਆਂ ਵਿੱਚ ਰਹੇ ਨੇ, ਪਿਛਲੇ ਸਾਲ ਚੋਣ ਪ੍ਰਚਾਰ ਵੇਲੇ ਵਿਰੋਧੀਆਂ ‘ਤੇ ਸਾਧੇ ਨਿਸ਼ਾਨਿਆਂ ਦੌਰਾਨ ਉਨ੍ਹਾਂ ਨੇ ਨਿਆਂਪਾਲਿਕਾ ਸਣੇ ਪੁਲਿਸ ਉੱਤੇ ਵੀ ਟਿੱਪਣੀਆਂ ਕੀਤੀਆਂ। ਇਸ ਦੌਰਾਨ ਇਮਰਾਨ ਨੇ ਉਨ੍ਹਾਂ ਦੇ ਸਾਥੀ ਦੀ ਗ੍ਰਿਫ਼ਤਾਰੀ ਦਾ ਹੁਕਮ ਦੇਣ ਵਾਲੀ ਇੱਕ ਮਹਿਲਾ ਜੱਜ ਉੱਤੇ ਵੀ ਟਿੱਪਣੀ ਕੀਤੀ ਸੀ। ਮਹਿਲਾ ਜੱਜ ਤੇ ਕੀਤੀ ਟਿੱਪਣੀ ਕਾਰਨ ਇਮਰਾਨ ਖ਼ਾਨ ਤੇ ਅੱਤਵਾਦ ਦੀ ਵੀ ਧਾਰਾ ਲੱਗੀ।

ਇਮਰਾਨ ਖ਼ਾਨ ਦੀ ਨਿੱਜੀ ਜ਼ਿੰਦਗੀ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦਾ ਸਿਆਸੀ ਸਫ਼ਰ ਕੋਈ ਉਤਰਾਅ-ਚੜ੍ਹਾਅ ਵਾਲਾ ਰਿਹਾ। ਤਹਿਰੀਕ ਏ ਇਨਸਾਫ ਯਾਨੀ ਪੀ ਟੀ ਆਈ ਪਾਰਟੀ ਦੇ ਆਗੂ ਇਮਰਾਨ ਖਾਨ ਨੇ ਸਿਰਫ ਸਾਢੇ 3 ਸਾਲ ਹੀ ਪਾਕਿਸਤਾਨ ਦੀ ਵਾਗਡੋਰ ਬਤੌਰ ਪੀ ਐੱਮ ਸੰਭਾਲੀ।

ਸੁਰਖੀਆਂ ਵਿੱਚ ਰਹਿਣ ਵਾਲੇ ਇਮਰਾਨ ਦੀ ਨਿੱਜੀ ਜ਼ਿੰਦਗੀ ਵੀ ਹਮੇਸ਼ਾ ਵਿਵਾਦਾਂ ਵਿੱਚ ਘਿਰੀ ਰਹੀ ਹੈ.. 3-3 ਵਿਆਹ ਕਰਵਾਉਣ ਵਾਲੇ ਇਮਰਾਨ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ 7 ਸਾਲ ਦੀ ਸਜ਼ਾ ਵੀ ਸੁਣਾਈ ਹੈ। ਇਹ ਸਜ਼ਾ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਤੀਜਾ ਵਿਆਹ ਬੁਸ਼ਰਾ ਬੀਬੀ ਨਾਲ ਕਰਵਾਇਆ ਸੀ ਤਾਂ ਅਦਾਲਤ ਵੱਲੋਂ ਵਿਆਹ ਨੂੰ ਗੈਰ ਇਸਲਾਮਿਕ ਐਲਾਨ ਕਰਦੇ ਹੋਏ ਦੋਵਾਂ ਨੂੰ 5-5 ਲੱਖ ਦਾ ਜ਼ੁਰਮਾਨਾ ਲਾਇਆ ਗਿਆ।

(ਸਟੋਰੀ – ਇਕਬਾਲ ਕੌਰ, ਵਰਲਡ ਪੰਜਾਬੀ)