International
ਕਰਾਚੀ ਏਅਰਪੋਰਟ ਨੇੜੇ Blast! 4 ਦੀ ਮੌਤ ਦਾ ਖ਼ਦਸ਼ਾ
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਦੇ ਨੇੜੇ ਵੱਡਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲਾ ਚੀਨੀ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਇਕ ਕਾਫਲੇ ‘ਤੇ ਹੋਇਆ ਹੈ। ਇਸ ਹਮਲੇ ਵਿਚ ਦੋ ਚੀਨੀ ਨਾਗਰਿਕਾਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਪਾਕਿਸਤਾਨੀ ਨਾਗਰਿਕ ਵੀ ਜ਼ਖ਼ਮੀ ਹੋਏ ਹਨ।
ਚੀਨੀ ਦੂਤਾਵਾਸ ਅਤੇ ਕੌਂਸਲੇਟ ਜਨਰਲ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਪਾਕਿਸਤਾਨ ਵਿਚ ਚੀਨੀ ਨਾਗਰਿਕਾਂ, ਪ੍ਰਾਜੈਕਟਾਂ ਅਤੇ ਸੰਸਥਾਵਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ। ਚੀਨੀ ਪੱਖ ਨੇ ਪਾਕਿਸਤਾਨ ਤੋਂ ਹਮਲੇ ਦੀ ਤੁਰੰਤ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਧਮਾਕੇ ਤੋਂ ਬਾਅਦ ਇਲਾਕੇ ‘ਚ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ। ਕਰਾਚੀ ਸ਼ਹਿਰ ਦੇ ਕਈ ਇਲਾਕਿਆਂ ਜਿਵੇਂ ਕਿ ਉੱਤਰੀ ਨਾਜ਼ਿਮਾਬਾਦ ਅਤੇ ਕਰੀਮਾਬਾਦ ਵਿਚ ਵੀ ਧਮਾਕੇ ਦੀ ਆਵਾਜ਼ ਸੁਣੀ ਗਈ। ਧਮਾਕੇ ਤੋਂ ਬਾਅਦ ਘਟਨਾ ਸਥਾਨ ‘ਤੇ ਭਿਆਨਕ ਅੱਗ ਲੱਗ ਗਈ ਅਤੇ ਆਸਪਾਸ ਦੀਆਂ ਸੜਕਾਂ ਪ੍ਰਭਾਵਿਤ ਹੋ ਗਈਆਂ।
ਪਾਕਿਸਤਾਨੀ ਵੱਖਵਾਦੀ ਅੱਤਵਾਦੀ ਸਮੂਹ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਦੇ ਮਜੀਦ ਬ੍ਰਿਗੇਡ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਸੰਗਠਨ ਪਹਿਲਾਂ ਵੀ ਪਾਕਿਸਤਾਨ ਵਿਚ ਚੀਨੀ ਨਾਗਰਿਕਾਂ ਅਤੇ ਪ੍ਰਾਜੈਕਟਾਂ ‘ਤੇ ਹਮਲੇ ਕਰਦਾ ਰਿਹਾ ਹੈ। ਇਨ੍ਹਾਂ ਵੱਲੋਂ ਖਾਸ ਤੌਰ ‘ਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਨਾਲ ਸਬੰਧਤ ਪ੍ਰਾਜੈਕਟਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।