International
1984 ਸਿੱਖ ਨਸਲਕੁਸ਼ੀ ਦੀ ਯਾਦ ‘ਚ ਆਸਟ੍ਰੇਲੀਆਂ ‘ਚ ਖੂਨਦਾਨ ਮੁਹਿੰਮ ਦਾ ਆਯੋਜਨ

ਖਾਲਸਾ ਏਡ ਵੱਲੋਂ ਬੀਤੇ ਦਿਨੀ ਸਿੱਖ ਨਸਲਕੁਸ਼ੀ ਦੀ ਯਾਦ ‘ਚ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ‘ਚ ਖੂਨਦਾਨ ਕੈਂਪ ਲਗਾਏ ਗਏ। ਖ਼ਾਲਸਾ ਏਡ ਆਸਟ੍ਰੇਲੀਆ ਦੀ ਮੈਲਬੌਰਨ ਇਕਾਈ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਲਬੌਰਨ, ਐਡੀਲੇਡ, ਬ੍ਰਿਸਬੇਨ, ਹੋਬਾਰਟ ,ਸ਼ੈਪਰਟਨ ਕੈਨਬਰਾ ਸ਼ਹਿਰਾਂ ਵਿਖੇ ਇਨ੍ਹਾਂ ਕੈਂਪਾਂ ਦਾ ਆਸਟ੍ਰੇਲੀਅਨ ਰੈੱਡ ਕਰਾਸ ਦੇ ਕੇਂਦਰਾਂ ਵਿੱਚ ਸਫਲਤਾ ਨਾਲ ਆਯੋਜਨ ਕੀਤਾ ਗਿਆ, ਜਿੱਥੇ ਸੰਗਤਾਂ ਨੇ ਕਾਫੀ ਗਿਣਤੀ ਵਿੱਚ ਪਲਾਜ਼ਮਾ ਅਤੇ ਖੂਨ ਦਾਨ ਕੀਤਾ।
ਸੰਗਤਾਂ ਦੇ ਸਹਿਯੋਗ ਦੇ ਨਾਲ ਆਸਟ੍ਰੇਲੀਆ ਭਰ ਵਿੱਚ ਇਸ ਲਹਿਰ ਨੁੰ ਕਾਫੀ ਸਫਲਤਾ ਮਿਲੀ ਹੈ। ਜਿਸ ਨਾਲ ਮਾਨਵਤਾ ਦੀ ਭਲਾਈ ਦੇ ਨਾਲ-ਨਾਲ ਆਸਟ੍ਰੇਲੀਆਈ ਲੋਕਾਂ ਵਿੱਚ ਸਿੱਖੀ ਪ੍ਰਤੀ ਜਾਣਕਾਰੀ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਭਵਿੱਖ ਵਿੱਚ ਵੀ ਖ਼ੂਨਦਾਨ ਕਰਨਾ ਚਾਹੁੰਦਾ ਹੈ ਤਾਂ ਸੋਸ਼ਲ ਮੀਡੀਆ ਰਾਹੀਂ ਖ਼ਾਲਸਾ ਏਡ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਰੈੱਡ ਕਰਾਸ ਦੇ ਅਧਿਕਾਰੀਆਂ ਨੇ ਸਿੱਖ ਕੌਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਿੱਖ ਸੰਗਤ ਇਸੇ ਤਰ੍ਹਾਂ ਖ਼ੂਨ ਦਾਨ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਰਹੇਗੀ।