Uncategorized
ਦਿਲੀਪ ਕੁਮਾਰ ਦੇ ਫੇਫੜਿਆਂ ‘ਚ ਭਰਿਆ ਪਾਣੀ ਵਿਗੜੀ ਸਿਹਤ
ਬਾਲੀਵੁੱਡ ਦੇ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਟਵਿੱਟਰ ਅਕਾਊਂਟ ਤੋਂ ਦਿੱਤੀ ਗਈ ਹੈ। ਇਸ ਖਬਰ ਨੂੰ ਜਾਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਥੋੜੇ ਪਰੇਸ਼ਾਨ ਹਨ। ਹੁਣ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇਕ ਨਵੀਂ ਅਪਡੇਟ ਆਈ ਹੈ। ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੇ ਫੇਫੜਿਆਂ ਚ ਪਾਣੀ ਪੈ ਗਿਆ ਹੈ। ਦਿਲੀਪ ਲੜ ਰਹੇ ਬਾਈਲਿਟਰਲ ਪਲਿਊਰਲ ਇਫਿਊਜ਼ਨ ਨਾਲ : ਈ-ਟਾਈਮਜ਼ ਦੀ ਖ਼ਬਰ ਦੇ ਅਨੁਸਾਰ, ਦਿਲੀਪ ਕੁਮਾਰ ਬਾਈਲਿਟਰਲ ਪਲਿਊਰਲ ਇਫਿਊਜ਼ਨ ਨਾਲ ਪੀੜਤ ਹਨ ਜਿਸਦਾ ਮਤਲਬ ਹੈ ਕਿ ਉਨ੍ਹਾਂ ਦੇ ਫੇਫੜੇ ਪਾਣੀ ਨਾਲ ਭਰੇ ਹੋਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਦਿਲੀਪ ਕੁਮਾਰ ਅਜੇ ਵੈਂਟੀਲੇਟਰ ‘ਤੇ ਨਹੀਂ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਈਸੀਯੂ ਵਿਚ ਨਹੀਂ ਰੱਖਿਆ ਗਿਆ ਹੈ। ਇਸ ਸਮੇਂ ਸਥਿਤੀ ਠੀਕ ਹੈ, ਪਰ ਉਮਰ ਨੂੰ ਧਿਆਨ ਵਿਚ ਰੱਖਦਿਆਂ ਜ਼ਿਆਦਾ ਕੁੱਝ ਨਹੀਂ ਕਿਹਾ ਜਾ ਸਕਦਾ।
ਡਾਕਟਰ ਨੇ ਦੱਸਿਆ ਹੈ ਕਿ ਦਿਲੀਪ ਕੁਮਾਰ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਘਟ ਰਿਹਾ ਸੀ। ਪਰ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਜੇ ਉਨ੍ਹਾਂ ਨੂੰ ਆਈਸੀਯੂ ਵਿੱਚ ਨਹੀਂ ਰੱਖਿਆ ਗਿਆ ਤਾਂ ਦੋ ਤੋਂ ਤਿੰਨ ਦਿਨਾਂ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਦਿਲੀਪ ਕੁਮਾਰ ਨੂੰ ਪਿਛਲੇ ਮਹੀਨੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਦੋ ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਦਿਲੀਪ ਕੁਮਾਰ ਦੇ ਟਵਿੱਟਰ ਤੋਂ ਸਾਇਰਾ ਬਾਨੋ ਨੇ ਟਵੀਟ ਕੀਤਾ ਸੀ ਕਿ ਦਿਲੀਪ ਸਾਹਿਬ ਨੂੰ ਰੁਟੀਨ ਚੈੱਕਅਪ ਲਈ ਨਾਨ-ਕੋਵਿਡ ਪੀਡੀ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਡਾ. ਨਿਤਿਨ ਗੋਖਲੇ ਦੀ ਟੀਮ ਹਿੰਦੂਜਾ ਹਸਪਤਾਲ ਵਿਖੇ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਸਾਇਰਾ ਬਾਨੋ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਦਿਲੀਪ ਸਾਹਿਬ ਲਈ ਅਰਦਾਸ ਕਰਦੇ ਰਹਿਣ।
ਟਵੀਟ ਰਾਹੀਂ ਨਵੀਂ ਅਪਡੇਟ ਆਈ ਹੈ ਜਿਸ ਚ ਲਿੱਖਿਆ ਗਿਆ ਹੈ ਕਿ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਟਵੀਟ ਵਿੱਚ ਲਿਖਿਆ ਗਿਆ ਹੈ ਕਿ, ਵਟਸਐਪ ਦੇ ਫਾਰਵਰਡ ਸੰਦੇਸ਼ਾਂ ‘ਤੇ ਵਿਸ਼ਵਾਸ ਨਾ ਕਰੋ। ਦਿਲੀਪ ਸਾਹਿਬ ਦੀ ਹਾਲਤ ਸਥਿਰ ਹੈ। ਤੁਹਾਡੀਆਂ ਦੁਆਵਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ। ਡਾਕਟਰਾਂ ਅਨੁਸਾਰ ਉਹ ਦੋ-ਤਿੰਨ ਦਿਨਾਂ ਵਿਚ ਘਰ ਆ ਜਾਣਗੇ।