Connect with us

General

ਨੌਜਵਾਨ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਮੌਤ`ਤੇ ਕੈਬਨਿਟ ਮੰਤਰੀ ਚੰਨੀ ਵਲੋਂ ਗਹਿਰੇ ਦੁੱਖ ਦਾ ਪਗਟਾਵਾ

Published

on

charanjit singh channi

ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਨੌਜਵਾਨ ਪੰਜਾਬੀ ਗਾਇਕ ਦਿਲਜਾਨ ਦੀ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕ ਦਿਲਜਾਨ (32 ਸਾਲ) ਦੀ ਬੀਤੀ ਰਾਤ ਜੰਡਿਆਲਾ ਗੁਰੂ ਕੋਲ ਇਕ ਸੜਕ ਹਾਦਸੇ ਵਿਚ ਮੌਤ ਹੌ ਗਈ ਸੀ। ਉਨ੍ਹਾਂ ਦੀ ਬੇਵਕਤੀ ਹੋਈ ਦੁਖਦਾਈ ਮੌਤ ਨਾਲ ਸਮੁੱਚੇ ਪੰਜਾਬੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਆਪਣੇ ਸੋਕ ਸੰਦੇਸ਼ ਵਿਚ ਸ. ਚੰਨੀ ਨੇ ਕਿਹਾ ਕਿ ਇਸ ਸੁਰੀਲੇ ਅਤੇ ਮਿੱਠ ਬੋਲੜੇ ਕਲਾਕਾਰ ਦੇ ਵਿਛੋੜੇ ਨਾਲ ਸੰਗੀਤ ਪ੍ਰੇਮੀਆਂ ਅਤੇ ਸਮੁੱਚੇ ਪੰਜਾਬੀ ਜਗਤ ਨੂੰ ਵੱਡਾ ਸਦਮਾ ਪਹੁੰਚਿਆ ਹੈ।

ਇਸ ਦੁੱਖ ਦੀ ਘੜੀ ਵਿਚ ਦਿਲਜਾਨ ਦੇ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਬੇਵਕਤੀ ਵਿਛੋੜੇ ਕਾਰਨ ਪਏ ਘਾਟੇ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਆਪਣੀ ਮਿਹਨਤ, ਸੰਘਰਸ਼ ਅਤੇ ਸੁਰੀਲੀ ਆਵਾਜ਼ ਨਾਲ ਥੋੜ੍ਹੇ ਹੀ ਸਮੇਂ ਵਿਚ ਭਾਰਤੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸੰਗੀਤਕ ਸੰਸਾਰ ਵਿਚ ਉਸ ਨੇ ਆਪਣੀ ਨਿਵੇਕਲੀ ਪਛਾਣ ਬਣਾ ਲਈ ਸੀ।

ਜਲੰਧਰ ਦੇ ਨੇੜੇ ਦੇ ਕਸਬੇ ਕਰਤਾਰਪੁਰ ਵਿਚ 30 ਜੁਲਾਈ, 1989 ਨੂੰ ਪਿਤਾ ਬਲਦੇਵ ਕੁਮਾਰ ਅਤੇ ਮਾਤਾ ਬਿਮਲਾ ਦੇਵੀ ਦੇ ਘਰ ਜਨਮੇ ਦਿਲਜਾਨ ਨੇ ਸਾਲ 2006-07 ਵਿਚ ਐਮ.ਐਚ. ਵੰਨ ਦੇ ਰਿਆਲਿਟੀ ਸ਼ੋਅ ਵਿਚ ਭਾਗ ਲੈਂਦਿਆਂ ਪੰਜਾਬੀ ਸੰਗੀਤਕ ਜਗਤ ਵਿਚ ਆਪਣੀ ਪਹਿਲੀ ਪਛਾਣ ਬਣਾਈ ਅਤੇ ਇਸ ਸ਼ੋਅ ਵਿਚ ਉਹ ਉੱਪ ਜੇਤੂ ਰਿਹਾ ਸੀ। ਸਾਲ 2012 ਵਿਚ ਕਲਰਜ਼ ਟੀ.ਵੀ. ਦੇ ਰਿਆਲਿਟੀ ਸ਼ੋਅ `ਸੁਰਕਸ਼ੇਤਰ` ਵਿਚ ਉਸ ਦੀਆਂ ਪੇਸ਼ਕਾਰੀਆਂ ਨੇ ਭਾਰਤੀ ਅਤੇ ਪਾਕਿਸਤਾਨੀ ਸੰਗੀਤਕ ਜਗਤ ਵਿਚ ਹਲਚਲ ਮਚਾ ਦਿੱਤੀ ਸੀ।ਕਈ ਫ਼ਿਲਮਾਂ ਵਿਚ ਵੀ ਉਸ ਨੇ ਪਲੇਅ ਬੈਕ ਸਿੰਗਰ ਵਜੋਂ ਆਪਣੀ ਆਵਾਜ਼ ਦਿੱਤੀ। ਉਸ ਦੀਆਂ 10 ਦੇ ਲਗਪਗ ਸੰਗੀਤਕ ਐਲਬਮਾਂ ਅਤੇ 50 ਦੇ ਲਗਪਗ ਸਿੰਗਲ ਟਰੈਕ ਗੀਤ ਹੁਣ ਤੱਕ ਰਿਲੀਜ਼ ਹੋ ਚੁੱਕੇ ਹਨ।ਕੁਝ ਦਿਨ ਪਹਿਲਾਂ ਹੀ ਉਸ ਦਾ ਗੁਰੂ ਰਵਿਦਾਸ ਬਾਰੇ ਗਾਇਆ ਗੀਤ ਬੇਹੱਦ ਮਕਬੂਲ ਹੋਇਆ ਸੀ। ਇਸ ਤੋਂ ਪਹਿਲਾਂ ਕਿਸਾਨੀ ਦੇ ਸੰਘਰਸ਼ ਬਾਰੇ ਉਨ੍ਹਾਂ ਵਲੋਂ ਗਾਏ ਗੀਤ `ਜ਼ਿੰਦਾਬਾਦ` ਨੇ ਵੀ ਵੱਡੀ ਗਿਣਤੀ ਵਿਚ ਲੋਕਾਂ ਦਾ ਧਿਆਨ ਖਿੱਚਿਆ ਸੀ।