Connect with us

Punjab

GST ‘ਤੇ CM ਮਾਨ ਦੀ ਖਜ਼ਾਨਾ ਮੰਤਰੀ ਹਰਪਾਲ ਚੀਮਾ ਤੇ ਅਧਿਕਾਰੀਆਂ ਨਾਲ ਹੋਈ ਮੀਟਿੰਗ,ਲਾਂਚ ਕੀਤੀ ਨਵੀਂ ਐਪ

Published

on

ਚੰਡੀਗੜ੍ਹ 21ਅਗਸਤ 2023:  ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ  ਜੀਐਸਟੀ ‘ਤੇ ਵਿਸ਼ੇਸ਼ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਸਰਕਾਰ ਦੇ ਕਰ ਵਿਭਾਗ ਵੱਲੋਂ ਜੀ.ਐਸ.ਟੀ. ਸਬੰਧੀ ਇੱਕ ਨਵੀਂ ਐਪ ‘ਮੇਰਾ ਬਿੱਲ’ ਲਾਂਚ ਕੀਤੀ ਗਈ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਚੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ  ਦੱਸਿਆ ਕਿ ਪੰਜਾਬ ਦੇ ਸਾਰੇ ਗ੍ਰਾਹਕ ਜੋ ਰੋਜ਼ਾਨਾ ਅਧਾਰ ‘ਤੇ ਵਸਤੂਆਂ ਖਰੀਦਦੇ ਹਨ, ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਇਰਾਦੇ ਨਾਲ ਇਸ ਐਪ ਨੂੰ ਲਾਂਚ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੋ ਵੀ ਗਾਹਕ ਵੱਧ ਤੋਂ ਵੱਧ 200 ਰੁਪਏ ਦੀ ਵਸਤੂ ਖਰੀਦਦਾ ਹੈ ਅਤੇ ਆਪਣਾ ਬਿੱਲ ‘ਮੇਰਾ ਬਿੱਲ’ ਐਪ ‘ਤੇ ਅਪਲੋਡ ਕਰਦਾ ਹੈ, ਉਸ ਨੂੰ 1000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ, ‘ਬਿੱਲ ਲਿਆਓ, ਇਨਾਮ ਪਾਓ।’ ਇਸ ਯੋਜਨਾ ਨਾਲ ਵੱਡੇ ਪੱਧਰ ‘ਤੇ ਟੈਕਸ ਵਸੂਲੀ ਵਧੇਗੀ। ਦੱਸ ਦੇਈਏ ਕਿ ਇਹ ਸਕੀਮ ਉਨ੍ਹਾਂ ਚੀਜ਼ਾਂ ‘ਤੇ ਲਾਗੂ ਨਹੀਂ ਹੋਵੇਗੀ ਜਿਨ੍ਹਾਂ ‘ਤੇ ਵੈਟ ਲਾਗੂ ਹੈ ਜਿਵੇਂ ਕਿ ਪੈਟਰੋਲ, ਡੀਜ਼ਲ, ਕੱਚਾ ਤੇਲ ਆਦਿ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾ ਲੱਕੀ ਡਰਾਅ 7 ਅਕਤੂਬਰ ਨੂੰ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ 2 ਲੱਖ ਰੁਪਏ ਦਾ ਸਾਮਾਨ ਖਰੀਦਣ ‘ਤੇ ਗਾਹਕਾਂ ਨੂੰ ਵੱਧ ਤੋਂ ਵੱਧ 10,000 ਰੁਪਏ ਦਾ ਇਨਾਮ ਮਿਲੇਗਾ। ਲੱਕੀ ਡਰਾਅ ਹਰ ਮਹੀਨੇ ਦੇ ਪਹਿਲੇ ਹਫ਼ਤੇ ਆਯੋਜਿਤ ਕੀਤਾ ਜਾਵੇਗਾ ਅਤੇ ਇੱਕ ਮਹੀਨੇ ਵਿੱਚ ਸਿਰਫ਼ ਇੱਕ ਵਿਅਕਤੀ ਹੀ ਇੱਕ ਇਨਾਮ ਦਾ ਦਾਅਵਾ ਕਰ ਸਕਦਾ ਹੈ।

ਇਸ ਦੇ ਲਈ ਵਿਸ਼ੇਸ਼ ਅਧਿਕਾਰੀਆਂ ਦੀ ਟੀਮ ਬਣਾਈ ਗਈ ਹੈ, ਜੋ ਇਨਾਮ ਕੱਢੇਗੀ। ਦੂਜੇ ਪਾਸੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਨਕਲੀ ਸਾਮਾਨ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਟੈਕਸ ਚੋਰੀ ਕਰਨ ਵਾਲਿਆਂ ਨਾਲ ਨਜਿੱਠਣ ਲਈ ਟੈਕਸ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਿਛਲੇ ਦਿਨੀਂ ਉਨ੍ਹਾਂ ਖੁਦ ਅਤੇ ਹੋਰ ਅਧਿਕਾਰੀਆਂ ਨੇ ਨੈਸ਼ਨਲ ਹਾਈਵੇਅ ‘ਤੇ 100 ਟਰੱਕ ਫੜੇ ਸਨ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਟੈਕਸ ਅਦਾ ਕਰਨ ਵਾਲਿਆਂ ਅਤੇ ਗਾਹਕਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਕੋਈ ਵੀ ਦੁਕਾਨਦਾਰ ਨਕਲੀ ਸਮਾਨ ਨਹੀਂ ਵੇਚ ਸਕੇਗਾ ਅਤੇ ਖਰੀਦੀ ਗਈ ਵਸਤੂ ਦਾ ਬਿੱਲ ਗਾਹਕ ਨੂੰ ਨਾ ਦੇਣ ਵਾਲੇ ਦੁਕਾਨਦਾਰ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਇਨਾਮਾਂ ‘ਤੇ 3.5 ਕਰੋੜ ਰੁਪਏ ਸਾਲਾਨਾ ਖਰਚ ਕਰਨੇ ਪੈਣਗੇ।