Punjab
ਪੰਜਾਬ ‘ਚ ਠੰਡ ਨੇ ਦਿੱਤੀ ਦਸਤਕ, ਜਾਣੋ ਆਉਣ ਵਾਲੇ ਦਿਨਾਂ ‘ਚ ਕਿਹੋ ਜਿਹਾ ਰਹੇਗਾ ਮੌਸਮ

11 ਨਵੰਬਰ 2023: ਪੰਜਾਬ ਦੇ ਕਈ ਜ਼ਿਲਿਆਂ ‘ਚ ਹੋਈ ਬਾਰਿਸ਼ ਨੇ ਸੂਬੇ ‘ਚ ਸੀਤ ਲਹਿਰ ਲੈ ਆਂਦੀ ਹੈ। ਠੰਡੀਆਂ ਹਵਾਵਾਂ ਕਾਰਨ ਮੌਸਮ ਦਾ ਰੂਪ ਬਦਲ ਗਿਆ ਹੈ। ਸ਼ੁੱਕਰਵਾਰ ਸਵੇਰੇ ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ‘ਚ ਮੀਂਹ ਪਿਆ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਤੋਂ ਬਾਅਦ ਹਲਕੀ ਠੰਡ ਮਹਿਸੂਸ ਕੀਤੀ ਗਈ। ਤੇਜ਼ ਹਵਾਵਾਂ ਤੋਂ ਬਾਅਦ ਜਲੰਧਰ, ਰੋਪੜ, ਅੰਮ੍ਰਿਤਸਰ, ਬਰਨਾਲਾ, ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਜਿਸ ਕਾਰਨ ਠੰਢ ਵਧ ਗਈ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਦਿਨਾਂ ਤੱਕ ਭਾਵੇਂ ਮੌਸਮ ਖੁਸ਼ਕ ਰਹੇਗਾ ਪਰ ਰਾਤ ਦੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਮੌਸਮ ਵਿਗਿਆਨੀ ਡਾ: ਪ੍ਰਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਾਹੌਲ ਖ਼ਰਾਬ ਸੀ, ਜਿਸ ਕਾਰਨ ਹੁਣ ਮੀਂਹ ਪੈਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਮੌਸਮ ‘ਚ ਬਦਲਾਅ ਨਾਲ ਹਵਾ ‘ਚ ਸੁਧਾਰ ਹੋਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ‘ਚ ਬਰਫਬਾਰੀ ਹੋਈ ਸੀ ਅਤੇ ਰਾਜਧਾਨੀ ਸ਼ਿਮਲਾ ਸਮੇਤ ਕਈ ਜ਼ਿਲਿਆਂ ‘ਚ ਭਾਰੀ ਬਾਰਿਸ਼ ਹੋਈ ਸੀ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਦਾ ਵਧਣਾ ਸੁਭਾਵਿਕ ਹੈ।
ਅਟਲ ਸੁਰੰਗ, ਰੋਹਤਾਂਗ ਪਾਸ, ਸ਼ਿਕਾਰੀ ਦੇਵੀ ਅਤੇ ਕਮਰੁਨਾਗ ਦੇ ਆਲੇ-ਦੁਆਲੇ ਬਰਫਬਾਰੀ ਨੇ ਸੈਲਾਨੀਆਂ ਦੀ ਆਵਾਜਾਈ ਨੂੰ ਸੀਮਤ ਕਰ ਦਿੱਤਾ ਹੈ ਅਤੇ ਮਨਾਲੀ-ਲੇਹ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਸੈਲਾਨੀਆਂ ਨੂੰ ਸੋਲੰਗਨਾਲਾ ਅਤੇ ਮੜ੍ਹੀ ਵਿੱਚ ਹੀ ਰੋਕ ਦਿੱਤਾ ਗਿਆ ਹੈ। ਸੈਲਾਨੀ ਸਥਾਨ ਗੁਲਮਰਗ ਸਮੇਤ ਜੰਮੂ-ਕਸ਼ਮੀਰ ਦੇ ਕਈ ਉੱਚਾਈ ਵਾਲੇ ਇਲਾਕਿਆਂ ‘ਚ ਬਰਫਬਾਰੀ ਹੋਈ ਹੈ। ਜੰਮੂ, ਸਾਂਬਾ, ਕਠੂਆ ਅਤੇ ਊਧਮਪੁਰ ਵਿੱਚ ਰਾਤ ਤੋਂ ਹੀ ਭਾਰੀ ਬਾਰਿਸ਼ ਜਾਰੀ ਹੈ।