Haryana
ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਸਮੇਤ ਪੂਰੇ ਉੱਤਰ ਭਾਰਤ ‘ਚ ਸੀਤ ਲਹਿਰ ਨੇ ਫੜ੍ਹਿਆ ਜ਼ੋਰ
ਨਵੇਂ ਸਾਲ 2025 ਦੇ ਆਗਾਜ਼ ਹੁੰਦਿਆਂ ਹੀ ਸ਼ੀਤ ਲਹਿਰ ਨੇ ਵੀ ਜ਼ੋਰ ਫੜ੍ਹ ਲਿਆ ਹੈ। ਪਤਾ ਲੱਗਿਆ ਹੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਪੂਰੇ ਉੱਤਰੀ ਭਾਰਤ ਵਿੱਚ ਠੰਢ ਜ਼ੋਰਾਂ ‘ਤੇ ਪੈ ਰਹੀ ਹੈ। ਇੱਥੇ ਲਗਾਤਾਰ ਡਿੱਗ ਰਹੇ ਤਾਪਮਾਨ ਨੇ ਲੋਕਾਂ ਨੂੰ ਦਿਨ ਭਰ ਕੰਬਣੀ ਛੇੜੀ ਰੱਖੀ। ਪੰਜਾਬ ਤੇ ਹਰਿਆਣਾ ਵਿੱਚ ਦਿਨ ਭਰ ਸੂਰਜ ਵੀ ਮੱਧਮ ਹੀ ਨਿਕਲਿਆ, ਉੱਧਰ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦਾ ਬਠਿੰਡਾ ਤੇ ਹਰਿਆਣਾ ਦਾ ਸਿਰਸਾ ਸ਼ਹਿਰ ਸਭ ਤੋਂ ਠੰਢਾ ਰਿਹਾ। ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਅਤੇ ਸਿਰਸਾ ਵਿੱਚ ਘੱਟ ਤੋਂ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਅਗਲੇ ਦੋ ਦਿਨ 2 ਤੇ 3 ਜਨਵਰੀ ਤੱਕ ਸੰਘਣੀ ਧੁੰਦ ਤੇ ਜ਼ੋਰ ਦੀ ਠੰਢ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ। ਇਨ੍ਹਾਂ ਦਿਨਾਂ ਵਿੱਚ ਪੈ ਰਹੀ ਧੁੰਦ ਤੇ ਸੀਤ ਲਹਿਰ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਦੇ ਚਿਹਰੇ ਖਿੜੇ ਪਏ ਹਨ।
ਉਧਰ, ਸੀਤ ਲਹਿਰ ਚੱਲਣ ਕਰਕੇ ਦਿਹਾੜੀਦਾਰ ਕਾਮਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲਾਂ ਆਈਆਂ। ਠੰਢ ਕਾਰਨ ਬੱਚਿਆ ਤੇ ਬਜ਼ੁਰਗਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਅਨੁਸਾਰ 4 ਜਨਵਰੀ ਤੋਂ ਮੌਸਮ ਇੱਕ ਵਾਰ ਫਿਰ ਬਦਲ ਜਾਵੇਗਾ ਅਤੇ ਸੂਬੇ ਵਿੱਚ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦਾ ਅਸਰ ਪੱਛਮੀ ਹਿਮਾਲਿਆ ਦੀਆਂ ਪਹਾੜੀਆਂ ‘ਤੇ ਹੀ ਨਹੀਂ ਸਗੋਂ ਮੈਦਾਨੀ ਇਲਾਕਿਆਂ ‘ਚ ਵੀ ਦੇਖਣ ਨੂੰ ਮਿਲੇਗਾ। 4 ਜਨਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਹੁਸ਼ਿਆਰਪੁਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 5-6 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਪੱਛਮੀ ਗੜਬੜੀ ਜ਼ੋਰ ਫੜਦੀ ਹੈ ਤਾਂ ਇਹ ਸਾਲ ਦੀ ਪਹਿਲੀ ਬਾਰਿਸ਼ ਹੋਵੇਗੀ।
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ‘ਚ ਹਾਲਾਤ ਆਮ ਵਾਂਗ ਹੋਣ ਜਾ ਰਹੇ ਹਨ ਅਤੇ ਇੱਥੇ ਮੌਸਮ ਆਮ ਵਾਂਗ ਰਹੇਗਾ। ਪੰਜਾਬ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਰਹੇਗੀ।