Connect with us

Punjab

ਕਾਂਗਰਸ ਦਾ ਗ੍ਰਹਿ ਕਲੇਸ਼, ਕਮਜ਼ੋਰ ਪ੍ਰਧਾਨ ਅਤੇ ਡਾ. ਨਵਜੋਤ ਕੌਰ ਸਿੱਧੂ ਦੇ ਤਪੇ ਹੋਏ ਤੇਵਰ!

Published

on

ਪੰਜਾਬ ਕਾਂਗਰਸ ਇਸ ਵੇਲੇ ਸਭ ਤੋਂ ਗੰਭੀਰ ਅੰਦਰੂਨੀ ਕਲੇਸ਼ ਦੇ ਦੌਰ ਵਿੱਚੋਂ ਲੰਘ ਰਹੀ ਹੈ। ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਪਰ ਪਾਰਟੀ ਦਾ ਧਿਆਨ ਵਿਰੋਧੀਆਂ ਨਾਲ ਲੜਨ ਦੀ ਥਾਂ ਆਪਣੇ ਹੀ ਘਰ ਦੇ ਅੰਦਰ ਭੜਕੀ ਅੱਗ ਬੁਝਾਉਣ ‘ਤੇ ਟਿਕਿਆ ਨਜ਼ਰ ਆ ਰਿਹਾ ਹੈ। ਰਾਜਾ ਵੜਿੰਗ ਦੀ ਢਿੱਲੀ ਕਮਾਂਡ ਅਤੇ ਬਗਾਵਤੀ ਸੁਰਾਂ ਦੇ ਵਧਦੇ ਰੁਝਾਨ ਨੇ ਕਾਂਗਰਸ ਦੀ ਨੇਤ੍ਰਿਤਵ-ਸਮਰੱਥਾ ਅਤੇ ਸਿਆਸੀ ਸੰਗਠਨ ਨੂੰ ਤਿੱਖੇ ਸਵਾਲਾਂ ਦੇ ਘੇਰੇ ‘ਚ ਖੜਾ ਕਰ ਦਿੱਤਾ ਹੈ। ਇਸ ਪੂਰੇ ਗ੍ਰਹਿ-ਕਲੇਸ਼ ਦੇ ਕੇਂਦਰ ਵਿੱਚ ਹਨ ਡਾ. ਨਵਜੋਤ ਕੌਰ ਸਿੱਧੂ—ਜਿਨ੍ਹਾਂ ਦੇ ਲਗਾਤਾਰ ਬਦਲਦੇ, ਪਰ ਤਿੱਖੇ ਅਤੇ ਤਪੇ ਹੋਏ ਬਿਆਨ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਨੂੰ ਬੇਨਕਾਬ ਕਰ ਰਹੇ ਹਨ।

ਸਭ ਤੋਂ ਪਹਿਲਾਂ ਡਾ. ਸਿੱਧੂ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ “500 ਕਰੋੜ ਦੇ ਅਟੈਚੀ ਨਾਲ ਮਿਲਦੀ ਹੈ”। ਇਹ ਬਿਆਨ ਚਰਚਾ ਵਿੱਚ ਆਉਂਦੇ ਹੀ ਪਾਰਟੀ ਦੇ ਅੰਦਰ ਹੜਕੰਪ ਮੱਚ ਗਿਆ ਪਰ ਕੁੱਝ ਸਮੇਂ ਬਾਅਦ ਹੀ ਉਹ ਆਪਣੇ ਹੀ ਬਿਆਨ ਤੋਂ ਪਲਟ ਗਈ ਅਤੇ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ “ਤੋੜ ਮਰੋੜ ਕੇ ਪੇਸ਼ ਕੀਤਾ ਗਿਆ”। ਹਾਲਾਤ ਕੁਝ ਨਰਮ ਹੋਣ ਦੀ ਬਜਾਏ ਹੋਰ ਤਿੱਖੇ ਹੋ ਗਏ ਜਦੋਂ ਡਾ. ਸਿੱਧੂ ਫਿਰ ਮੈਦਾਨ ਵਿੱਚ ਵਾਪਸ ਆਈ ਅਤੇ ਦਾਅਵਾ ਕੀਤਾ ਕਿ ਕਾਂਗਰਸ ਦੇ ਕੁੱਝ ਆਗੂਆਂ ਨੇ ਉਮੀਦਵਾਰਾਂ ਤੋਂ ਟਿਕਟਾਂ ਦੇਣ ਲਈ ਪੰਜ–ਪੰਜ ਕਰੋੜ ਰੁਪਏ ਲਏ ਹਨ—ਤੇ ਉਹ ਕਹਿੰਦੀ ਹੈ ਕਿ “ਮੇਰੇ ਕੋਲ ਇਸਦੇ ਪੱਕੇ ਸਬੂਤ ਹਨ।”

ਇਸ ਤੋਂ ਵੀ ਬੋਲਡ ਕਦਮ ਉਹਦਾਂ ਸਾਹਮਣੇ ਆਇਆ ਜਦੋਂ ਬੀਬੀ ਸਿੱਧੂ ਨੇ ਖੁੱਲ੍ਹੇ ਤੌਰ ‘ਤੇ ਨਾਮ ਲੈ ਕੇ ਦੋਸ਼ ਲਗਾਏ ਕਿ ਚਾਰ–ਪੰਜ ਨੇਤਾ ਕਾਂਗਰਸ ਨੂੰ ਅੰਦਰੋਂ ਬਰਬਾਦ ਕਰ ਰਹੇ ਹਨ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ‘ਤੇ ਗੰਭੀਰ ਦੋਸ਼ ਲਾਏ ਕਿ ਇਹ ਸਾਰੇ ਮਿਲ ਕੇ ਪਾਰਟੀ ਨੂੰ ਤੋੜਨ ‘ਤੇ ਲੱਗੇ ਹੋਏ ਹਨ। ਇਹ ਬਿਆਨ ਸਿਰਫ਼ ਇੱਕ ਬਗਾਵਤੀ ਲਹਿਰ ਨਹੀਂ ਸਗੋਂ ਕਾਂਗਰਸ ਦੇ ਅੰਦਰ ਬਣੀ ਉਦਾਸੀ, ਅਸੰਤੋਸ਼ ਅਤੇ ਖਿੱਚਤਾਣ ਦੀ ਖੁੱਲ੍ਹੀ ਤਸਵੀਰ ਹੈ।

ਭਾਵੇਂ ਕਾਂਗਰਸ ਨੇ ਤੁਰੰਤ ਕਾਰਵਾਈ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ, ਪਰ ਉਨ੍ਹਾਂ ਦੇ ਤੇਵਰ ਨਰਮ ਹੋਣ ਦੀ ਥਾਂ ਹੋਰ ਵੀ ਤਿੱਖੇ ਹੋਏ ਹਨ। ਉਹ ਸਪੱਸ਼ਟ ਕਹਿੰਦੀ ਹਨ ਕਿ “ਮੈਨੂੰ ਮੁਅੱਤਲ ਕਰਨ ਵਾਲੇ ਪ੍ਰਧਾਨ ਨੂੰ ਮੈਂ ਪ੍ਰਧਾਨ ਮੰਨਦੀ ਹੀ ਨਹੀਂ।” ਇਹ ਬੇਬਾਕ ਰੁਖ ਕਾਂਗਰਸ ਦੇ ਅੰਦਰੂਨੀ ਕ੍ਰਮ ਅਤੇ ਅਨੁਸ਼ਾਸਨ ਦੀ ਧਾਰਨਾ ਲਈ ਵੱਡਾ ਝਟਕਾ ਹੈ। ਉਪਰੋਂ ਉਹ ਇਹ ਵੀ ਦਾਅਵਾ ਕਰ ਰਹੀਆਂ ਹਨ ਕਿ ਪੰਜਾਬ ਕਾਂਗਰਸ ਦੇ 70 ਫੀਸਦੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ 90 ਫੀਸਦੀ ਲੋਕ ਉਨ੍ਹਾਂ ਦੇ ਨਾਲ ਹਨ—ਇੱਕ ਬਿਆਨ ਜੋ ਕਾਂਗਰਸ ਦੇ ਅਸਲੀ ਅੰਦਰੂਨੀ ਕਲੇਸ਼ ਨੂੰ ਬਿਆਨ ਕਰਦਾ ਹੈ।
ਇਸ ਸਾਰੇ ਮਾਹੌਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਚੋਣਾਂ ਦੀ ਦਹਲੀਜ਼ ‘ਤੇ ਖੜ੍ਹੀ ਹੋ ਕੇ ਤਿਆਰੀ ਕਰਨ ਦੀ ਥਾਂ, ਆਪਣੇ ਅੰਦਰ ਦੀ ਵੱਡੀ ਲੜਾਈ ਲੜ ਰਹੀ ਹੈ। ਰਾਜਾ ਵੜਿੰਗ ਦੀ ਢਿੱਲੀ ਕਮਾਂਡ ਅਤੇ ਡਾ. ਸਿੱਧੂ ਦੇ ਗੂੰਜਦੇ ਤੇਵਰ—ਇਹ ਦਰਸਾਉਂਦੇ ਹਨ ਕਿ ਪਾਰਟੀ ਅਜੇ ਤੱਕ ਆਪਣੇ ਹੀ ਘਰ ਦੀ ਸਿਆਸਤ ‘ਚ ਅਟਕੀ ਹੋਈ ਹੈ। ਜੇ ਇਹ ਗ੍ਰਹਿ-ਕਲੇਸ਼ ਇੰਝ ਹੀ ਚਲਦਾ ਰਿਹਾ, ਤਾਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸਥਿਤੀ ਹੋਰ ਕਮਜ਼ੋਰ ਹੋ ਸਕਦੀ ਹੈ ਅਤੇ ਜਿਹੜੀ ਕਾਂਗਰਸ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸੁਫਨੇ ਦੇਖ਼ ਰਹੀ ਸੀ ਉਹ ਹੇਠਲੇ ਪਾਏਦਾਨ ਤੇ ਖੜੀ ਨਜ਼ਰ ਆ ਰਹੀ ਹੈ।

ਕੁਲਵੰਤ ਸਿੰਘ ਗੱਗੜਪੁਰੀ