Connect with us

Punjab

ਜਿਨ੍ਹਾਂ ਨੂੰ ਅਸੀਂ ਸਭ ਤੋਂ ਵੱਧ ਸਿਆਣੇ ਸਮਝਦੇ ਹਾਂ ਉਨ੍ਹਾਂ ਨੂੰ ਹੀ ਮੂਰਖ ਬਣਾ ਰਹੇ ਨੇ ਸਾਈਬਰ ਠੱਗ !

Published

on

ਜਿਨ੍ਹਾਂ ਲੋਕਾਂ ਨੂੰ ਅਸੀਂ ਸਮਾਜ ਦਾ ਸਭ ਤੋਂ ਸਿਆਣਾ, ਪੜ੍ਹਿਆ-ਲਿਖਿਆ ਅਤੇ ਪ੍ਰਸ਼ਾਸਨਕ ਤੌਰ ’ਤੇ ਮਜ਼ਬੂਤ ਵਰਗ ਸਮਝਦੇ ਹਾਂ, ਅੱਜ ਉਹੀ ਸਾਈਬਰ ਠੱਗਾਂ ਦੇ ਜਾਲ ਵਿੱਚ ਫਸਦੇ ਨਜ਼ਰ ਆ ਰਹੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਮੁਤਾਬਕ ਪਿਛਲੇ ਨੌ ਮਹੀਨਿਆਂ ਵਿੱਚ ਪੰਜਾਬ ਦੇ 157 ਆਈ ਏ ਐਸ, ਆਈ ਪੀ ਐਸ ਅਤੇ ਪੀ ਸੀ ਐਸ ਅਧਿਕਾਰੀਆਂ ਤੋਂ ਲਗਭਗ 117 ਕਰੋੜ ਰੁਪਏ ਦੀ ਠੱਗੀ ਹੋ ਚੁੱਕੀ ਹੈ। ਇਨ੍ਹਾਂ ਵਿੱਚ ਕਈ ਸੇਵਾ ਮੁਕਤ ਹਨ ਤੇ ਕਈ ਅਜੇ ਵੀ ਸਰਵਿਸ ਵਿੱਚ ਹਨ। ਮੋਹਾਲੀ, ਚੰਡੀਗੜ੍ਹ ਅਤੇ ਪਟਿਆਲਾ , ਅੰਮ੍ਰਿਤਸਰ, ਜਲੰਧਰ ਵਰਗੇ ਸ਼ਹਿਰੀ ਇਲਾਕਿਆਂ ਵਿੱਚ ਇਹ ਘਟਨਾਵਾਂ ਸਭ ਤੋਂ ਵੱਧ ਸਾਹਮਣੇ ਆ ਰਹੀਆਂ ਹਨ। ਇਹ ਹਾਲਾਤ ਲੋਕਾਂ ਨੂੰ ਇਹ ਸੋਚਣ ’ਤੇ ਮਜਬੂਰ ਕਰ ਰਹੇ ਹਨ ਕਿ ਜਦੋਂ ਰਖਸ਼ਕ ਹੀ ਅਸੁਰੱਖਿਅਤ ਹਨ ਤਾਂ ਆਮ ਨਾਗਰਿਕ ਦੀ ਸੁਰੱਖਿਆ ਦਾ ਕੀ ਬਣੇਗਾ?
ਸਾਈਬਰ ਠੱਗੀ ਦੇ ਤਰੀਕੇ ਬਹੁਤ ਚਤੁਰਾਈ ਨਾਲ ਬਣਾਏ ਜਾਂਦੇ ਹਨ। ਕਈ ਵਾਰ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਵਾ ਕੇ ਕੁੱਝ ਸਮੇਂ ਵਿੱਚ ਰਕਮ ਡਬਲ ਕਰਨ ਦਾ ਲਾਲਚ ਦਿੱਤਾ ਜਾਂਦਾ ਹੈ। ਪਹਿਲਾਂ ਥੋੜ੍ਹੀ ਰਕਮ ਲਗਵਾਈ ਜਾਂਦੀ ਹੈ, ਮੁਨਾਫ਼ਾ ਦੇ ਕੇ ਭਰੋਸਾ ਜਿੱਤਿਆ ਜਾਂਦਾ ਹੈ ਅਤੇ ਫਿਰ ਵੱਡੀਆਂ ਰਕਮਾਂ ਫਸਾ ਲਈਆਂ ਜਾਂਦੀਆਂ ਹਨ। ਕਈ ਮਾਮਲਿਆਂ ਵਿੱਚ ਡਿਜ਼ੀਟਲ ਅਰੇਸਟ ਦਾ ਡਰ ਦਿਖਾ ਕੇ, ਫਰਜ਼ੀ ਕੇਸਾਂ ਦੀ ਧਮਕੀ ਦੇ ਕੇ ਜ਼ਬਰਦਸਤੀ ਪੈਸੇ ਟਰਾਂਸਫਰ ਕਰਵਾ ਲਏ ਜਾਂਦੇ ਹਨ। ਉੱਚ ਅਧਿਕਾਰੀਆਂ ਨੂੰ ਠੱਗਣ ਲਈ ਇਹ ਲੋਕ ਆਪਣੇ ਵਟਸਐਪ ਦੀ ਡੀਪੀ ’ਤੇ ਡੀਜੀਪੀ ਜਾਂ ਚੀਫ ਸੈਕਟਰੀ ਦੀ ਫੋਟੋ ਲਗਾ ਲੈਂਦੇ ਹਨ ਤਾਂ ਜੋ ਗੱਲ ਸੱਚੀ ਲੱਗੇ। ਕਈ ਵਾਰ ਅਧਿਕਾਰੀਆਂ ਦੇ ਬੱਚਿਆਂ ਜਾਂ ਪਤਨੀਆਂ ਨੂੰ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਨਿਵੇਸ਼ ਕਰਵਾ ਲਿਆ ਜਾਂਦਾ ਹੈ। ਪਾਰਟ ਟਾਈਮ ਨੌਕਰੀ, ਇਨਾਮ ਨਿਕਲਣ ਜਾਂ ਖਾਤੇ ਦੀ ਜਾਂਚ ਦੇ ਨਾਂ ’ਤੇ ਖਾਤਿਆਂ ਦੀ ਜਾਣਕਾਰੀ ਲੈ ਕੇ ਲੱਖਾਂ ਰੁਪਏ ਸਾਫ਼ ਕਰ ਦਿੱਤੇ ਜਾਂਦੇ ਹਨ।
ਇਹ ਸਾਰੀ ਸਥਿਤੀ ਸਪਸ਼ਟ ਕਰਦੀ ਹੈ ਕਿ ਸਾਈਬਰ ਅਪਰਾਧ ਸਿਰਫ਼ ਅਣਪੜ੍ਹ ਜਾਂ ਸਧਾਰਣ ਲੋਕਾਂ ਦੀ ਸਮੱਸਿਆ ਨਹੀਂ ਰਹੀ, ਸਗੋਂ ਇਹ ਸਭ ਤੋਂ ਸਿਆਣੇ ਮੰਨੇ ਜਾਂਦੇ ਵਰਗ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਸਟੇਟ ਸਾਈਬਰ ਸੁਰੱਖਿਆ ਸੈੱਲ ਨੂੰ ਮਜ਼ਬੂਤ ਕੀਤਾ ਗਿਆ ਹੈ, ਪਰ ਸੁਚੇਤ ਹੋਣਾ ਹੀ ਸਭ ਤੋਂ ਵੱਡਾ ਹਥਿਆਰ ਹੈ। ਡਰ ਜਾਂ ਲਾਲਚ ਵਿੱਚ ਆ ਕੇ ਅਣਜਾਣ ਲੋਕਾਂ ਕੋਲ ਕਦੇ ਵੀ ਪੈਸਾ ਨਿਵੇਸ਼ ਨਾ ਕਰੋ ਅਤੇ ਕਿਸੇ ਨੂੰ ਵੀ ਆਪਣੀ ਬੈਂਕ ਖਾਤੇ ਜਾਂ ਓਟੀਪੀ ਜਾਣਕਾਰੀ ਨਾ ਦਿਓ।
ਜੇਕਰ ਤੁਹਾਨੂੰ ਸਾਈਬਰ ਠੱਗੀ ਨਾਲ ਸੰਬੰਧਿਤ ਕੋਈ ਵੀ ਫੋਨ, ਮੈਸੇਜ ਜਾਂ ਈਮੇਲ ਮਿਲਦੀ ਹੈ ਤਾਂ ਤੁਰੰਤ ਸ਼ਿਕਾਇਤ ਦਰਜ ਕਰਵਾਓ।
ਸਟੇਟ ਸਾਈਬਰ ਸੁਰੱਖਿਆ ਸੈੱਲ (ਪੰਜਾਬ): ਸਟੇਟ ਸਾਈਬਰ ਕਰਾਈਮ ਪੁਲਿਸ ਸਟੇਸ਼ਨ, ਫੇਜ਼-7, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ
ਸਾਈਬਰ ਕਰਾਈਮ ਹੈਲਪਲਾਈਨ ਨੰਬਰ: 1930
ਆਨਲਾਈਨ ਸ਼ਿਕਾਇਤ ਲਈ: cybercrime.gov.in
ਯਾਦ ਰੱਖੋ, ਸਾਵਧਾਨੀ ਹੀ ਸਾਈਬਰ ਠੱਗਾਂ ਖ਼ਿਲਾਫ਼ ਸਭ ਤੋਂ ਵੱਡੀ ਰੱਖਿਆ ਹੈ।

ਕੁਲਵੰਤ ਸਿੰਘ ਗੱਗੜਪੁਰੀ