Connect with us

International

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨੇ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ, ਤਸਵੀਰਾਂ ਵੀ ਆਈਆਂ ਸਾਹਮਣੇ

Published

on

ਨਵ-ਨਿਯੁਕਤ ਡੇਰਾ ਬਿਆਸ ਮੁਖੀ ਜਸਦੀਪ ਸਿੰਘ ਗਿੱਲ ਅਤੇ ਉਨ੍ਹਾਂ ਨੂੰ ਵਾਰਿਸ ਬਣਾਉਣ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਟਲੀ ਦੇ ਵੈਟੀਕਨ ਸਿਟੀ ਵਿਖੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਵਿਚਾਲੇ ਧਰਮ ਅਤੇ ਅਧਿਆਤਮਿਕਤਾ ਬਾਰੇ ਵਿਚਾਰ ਚਰਚਾ ਹੋਈ।

ਜਾਣਕਾਰੀ ਮੁਤਾਬਕ, ਤਿੰਨਾਂ ਅਧਿਆਤਮਿਕ ਗੁਰੂਆਂ ਵਿਚਕਾਰ ਧਰਮ ਨੂੰ ਲੈ ਕੇ ਕਰੀਬ ਦੋ ਘੰਟੇ ਗੱਲਬਾਤ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਸ਼ਾਂਤੀ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਭਾਰਤੀ ਮੂਲ ਦੇ ਅਮਰੀਕਾ ‘ਚ ਪ੍ਰਸਿੱਧ ਪੰਜਾਬੀ ਕਾਰੋਬਾਰੀ ਬੌਬੀ ਕੰਗ ਅਤੇ ਉਨ੍ਹਾਂ ਦੇ ਭਰਾ ਬਲਦੇਵ ਕੰਗ ਵੀ ਨਾਲ ਸ਼ਾਮਲ ਸਨ। ਮੁਲਾਕਾਤ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਦੱਸਣਯੋਗ ਹੈ ਕਿ ਪੰਜਾਬ ਦੇ ਪ੍ਰਮੁੱਖ ਡੇਰਿਆਂ ਵਿੱਚੋਂ ਇੱਕ ਅੰਮ੍ਰਿਤਸਰ ਦੇ ਰਾਧਾ ਸੁਆਮੀ ਬਿਆਸ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ 2024 ਨੂੰ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕਰਕੇ ਡੇਰੇ ਨਾਲ ਸਬੰਧਤ ਕਾਰਜਾਂ ਦੀ ਜ਼ਿੰਮੇਵਾਰੀ ਸੌਂਪੀ ਸੀ। ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਰਾਧਾ ਸੁਆਮੀ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਹੈ।

ਡੇਰਾ ਬਿਆਸ ਨਾ ਸਿਰਫ਼ ਆਮ ਲੋਕਾਂ ਵਿੱਚ ਹਰਮਨ ਪਿਆਰਾ ਹੈ ਸਗੋਂ ਸਿਆਸਤਦਾਨਾਂ ਵਿੱਚ ਵੀ ਇਸ ਦੀ ਵਿਸ਼ੇਸ਼ ਖਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਹੁਲ ਗਾਂਧੀ ਸਮੇਤ ਕਈ ਵੱਡੇ ਆਗੂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਲਈ ਆ ਰਹੇ ਹਨ। ਭਾਵੇਂ ਸਿਆਸੀ ਹਲਕਿਆਂ ਵਿੱਚ ਇਨ੍ਹਾਂ ਮੀਟਿੰਗਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਡੇਰਾ ਬਿਆਸ ਦੀ ਲੋਕਪ੍ਰਿਅਤਾ ਅਤੇ ਸਤਿਕਾਰ ਵੀ ਇਸ ਦਾ ਇੱਕ ਕਾਰਨ ਹੈ।