Connect with us

National

DRUGS CASE : ਸ਼ਾਰਜਾਹ ਜੇਲ੍ਹ ਤੋਂ ਰਿਹਾਅ ਹੋਈ ਬਾਲੀਵੁੱਡ ਅਦਾਕਾਰਾ ਕ੍ਰਿਸ਼ਨ ਪਰੇਰਾ, ਜਾਣੋ ਵੇਰਵਾ

Published

on

ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਾਰਜਾਹ ਸ਼ਹਿਰ ‘ਚ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ‘ਚ ਗ੍ਰਿਫਤਾਰ ਕੀਤੀ ਗਈ ਅਦਾਕਾਰਾ ਕ੍ਰਿਸਨ ਪਰੇਰਾ (27) ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਰਿਹਾਅ ਕਰ ਦਿੱਤਾ ਹੈ। ਮੁੰਬਈ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਦੀ ਅਭਿਨੇਤਰੀ ਨੂੰ ਕਥਿਤ ਤੌਰ ‘ਤੇ ਦੋ ਵਿਅਕਤੀਆਂ ਨੇ ਫਸਾਇਆ ਸੀ।

ਇਸ ਦੌਰਾਨ ਕ੍ਰਿਸਨ ਦੇ ਭਰਾ ਕੇਵਿਨ ਪਰੇਰਾ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ 27 ਸਾਲਾ ਅਭਿਨੇਤਰੀ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਮਾਂ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਹੀ ਹੈ। ਉਸ ਦੇ ਭਰਾ ਕੇਵਿਨ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਕ੍ਰਿਸਨ ਆਜ਼ਾਦ ਹੈ!!! ਉਹ ਅਗਲੇ 48 ਘੰਟਿਆਂ ਵਿੱਚ ਭਾਰਤ ਵਿੱਚ ਹੋਵੇਗੀ।”

ਦੋਸ਼ੀ ਨੇ ਅਭਿਨੇਤਰੀ ਨੂੰ ਹਾਲੀਵੁੱਡ ਵੈੱਬ ਸੀਰੀਜ਼ ‘ਚ ਨੌਕਰੀ ਦੇਣ ਦਾ ਵਾਅਦਾ ਕੀਤਾ ਅਤੇ ‘ਆਡੀਸ਼ਨ’ ਦੇ ਬਹਾਨੇ ਉਸ ਨੂੰ ਸ਼ਾਰਜਾਹ ਭੇਜ ਦਿੱਤਾ, ਜਿੱਥੇ ਉਸ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਪਰੇਰਾ ਨੂੰ 1 ਅਪ੍ਰੈਲ ਨੂੰ ਸ਼ਾਰਜਾਹ ਹਵਾਈ ਅੱਡੇ ‘ਤੇ ਹਿਰਾਸਤ ‘ਚ ਲਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪਰੇਰਾ ਦੀ ਗ੍ਰਿਫਤਾਰੀ ਤੋਂ ਬਾਅਦ, ਦੋਸ਼ੀ ਰਵੀ ਬੋਭਾਟੇ ਅਤੇ ਐਂਟਨੀ ਪਾਲ ਨੇ ਉਸਦੀ ਰਿਹਾਈ ਲਈ ਉਸਦੀ ਮਾਂ ਤੋਂ ਕਥਿਤ ਤੌਰ ‘ਤੇ 80 ਲੱਖ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਅਭਿਨੇਤਰੀ ਦੀ ਮਾਂ ਨੇ ਮੁੰਬਈ ਪੁਲਸ ਕੋਲ ਪਹੁੰਚ ਕੀਤੀ, ਜਿਸ ਨੇ ਹਰਕਤ ‘ਚ ਆ ਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਸ ਨੇ ਮਾਮਲੇ ਨਾਲ ਜੁੜੇ ਦਸਤਾਵੇਜ਼ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤੇ ਸਨ, ਜਿਸ ਤੋਂ ਬਾਅਦ ਮਾਮਲੇ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ ਅਤੇ ਕ੍ਰਿਸ਼ਨ ਪਰੇਰਾ ਨੂੰ ਬੁੱਧਵਾਰ ਰਾਤ ਨੂੰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਦੇਸ਼ ਮੰਤਰਾਲੇ ਨਾਲ ਅਧਿਕਾਰਤ ਤੌਰ ‘ਤੇ ਗੱਲਬਾਤ ਚੱਲ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਪਰੇਰਾ ਇੱਕ-ਦੋ ਦਿਨਾਂ ਵਿੱਚ ਮੁੰਬਈ ਪਰਤ ਸਕਦੇ ਹਨ।