Gurdaspur
ਕਰਫ਼ਿਊ ਦੌਰਾਨ ਗੁਰਦਾਸਪੁਰ ਵਿੱਚ 30 ਸਾਲਾਂ ਨੌਜਵਾਨ ਕਤਲ, ਘਰ ਤੋਂ ਦਵਾਈ ਲੈਣ ਲਈ ਗਿਆ ਸੀ ਨੌਜਵਾਨ

ਗੁਰਦਾਸਪੁਰ, 09 ਮਈ ( ਗੁਰਪ੍ਰੀਤ ਸਿੰਘ): ਪੰਜਾਬ ਭਰ ਵਿਚ ਕਰਫਿਊ ਲਗੇ ਹੋਣ ਦੇ ਬਾਵਜੂਦ ਵੀ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜਾ ਮਾਮਲਾ ਗੁਰਦਾਸਪੁਰ ਦੇ ਕਸਬਾ ਫਤਹਿਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਜਾਗਲਾਂ ਦਾ ਹੈ ਜਿਥੇ ਘਰ ਤੋਂ ਦਵਾਈ ਲੈਣ ਲਈ ਗਏ 30 ਸਾਲਾਂ ਨੌਜਵਾਨ ਤਰੁਣ ਕੁਮਾਰ ਦਾ ਕੁਝ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਿਰ ਤੇ ਵਾਰ ਕਰ ਕਤਲ ਕਰ ਦਿੱਤਾ ਜਦ ਇਸਦੀ ਸੂਚਨਾ ਮਿਲੀ ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਮ੍ਰਿਤਕ ਨੌਜਵਾਨ ਦੇ ਸਰੀਰ ਨੂੰ ਕਬਜੇ ਵਿਚ ਲੈਕੇ ਮ੍ਰਿਤਕ ਦੀ ਮਾਤਾ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਨੇ ਉਹਨਾਂ ਨੂੰ ਬਿਆਨ ਦਿਤੇ ਹਨ ਕਿ ਉਹਨਾਂ ਦਾ ਲੜਕਾ ਘਰੋਂ ਦਵਾਈ ਲੈਣ ਲਈ ਗਿਆ ਸੀ ਪਰ ਜਦ ਕਾਫੀ ਸਮਾਂ ਬੀਤ ਜਾਣ ਤੇ ਬਾਅਦ ਉਹ ਘਰ ਨਾ ਆਇਆ ਤਾਂ ਉਸਨੂੰ ਲੱਭਣ ਲਈ ਪਰਿਵਾਰ ਦਾ ਇਕ ਲੜਕਾ ਉਸਨੂੰ ਦੇਖਣ ਲਈ ਗਿਆ ਤਾਂ ਪਤਾ ਲਗਾ ਕਿ ਮ੍ਰਿਤਕ ਤਰੁਣ ਕੁਮਾਰ ਦੀ ਲਾਸ਼ ਨਹਿਰ ਕੰਡੇ ਪਈ ਹੈ ਜਦ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਮ੍ਰਿਤਕ ਦੀ ਮਾਤਾ ਦੇ ਬਿਆਨ ਦਰਜ ਕਰ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ, ਅਤੇ ਕਿਹਾ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।