National
BBC ਦੀਆਂ ਮੁੜ ਵਧੀਆ ਮੁਸ਼ਕਿਲਾਂ, ਵਿਦੇਸ਼ੀ ਫੰਡਿੰਗ ਮਾਮਲੇ ‘ਚ ED ਨੇ ਕੀਤਾ ਕੇਸ ਦਰਜ
BBC ਦੀਆਂ ਦਿਨੋਂ ਦਿਨ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਥਿਤ ਵਿਦੇਸ਼ੀ ਮੁਦਰਾ ਨਾਲ ਸਬੰਧਤ ਉਲੰਘਣਾਵਾਂ ਲਈ ਨਿਊਜ਼ ਪ੍ਰਸਾਰਕ ਬੀਬੀਸੀ (ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ) ਇੰਡੀਆ ਦੇ ਖਿਲਾਫ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੰਘੀ ਜਾਂਚ ਏਜੰਸੀ ਨੇ ਫੇਮਾ ਦੇ ਪ੍ਰਬੰਧਾਂ ਤਹਿਤ ਕੰਪਨੀ ਦੇ ਕੁਝ ਕਾਰਜਕਾਰੀ ਅਧਿਕਾਰੀਆਂ ਦੇ ਬਿਆਨਾਂ ਦੇ ਦਸਤਾਵੇਜ਼ ਅਤੇ ਰਿਕਾਰਡਿੰਗ ਦੀ ਮੰਗ ਕੀਤੀ ਹੈ।
ਸੂਤਰਾਂ ਨੇ ਕਿਹਾ ਕਿ ਕੰਪਨੀ ਦੁਆਰਾ ਕਥਿਤ ਵਿਦੇਸ਼ੀ ਸਿੱਧੇ ਨਿਵੇਸ਼ (FDI) ਦੀ ਉਲੰਘਣਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਆਮਦਨ ਕਰ ਵਿਭਾਗ ਨੇ ਫਰਵਰੀ ‘ਚ ਦਿੱਲੀ ‘ਚ ਬੀਬੀਸੀ ਦਫਤਰ ਦੇ ਕੰਪਲੈਕਸ ਦਾ ‘ਸਰਵੇਖਣ’ ਕੀਤਾ ਸੀ। ਆਮਦਨ ਕਰ ਵਿਭਾਗ ਦੀ ਪ੍ਰਸ਼ਾਸਕੀ ਸੰਸਥਾ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (ਸੀਬੀਡੀਟੀ) ਨੇ ਉਸ ਸਮੇਂ ਕਿਹਾ ਸੀ ਕਿ ਭਾਰਤ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਦੁਆਰਾ ਮੀਡੀਆ ਸਮੂਹ ਬੀਬੀਸੀ ਦੀ ਆਮਦਨ ਅਤੇ ਮੁਨਾਫ਼ੇ ਦੇ ਅੰਕੜੇ ਭਾਰਤ ਵਿੱਚ ਉਨ੍ਹਾਂ ਦੇ ਕੰਮਕਾਜ ਦੇ ਅਨੁਕੂਲ ਨਹੀਂ ਹਨ ਅਤੇ ਇਹ ਇਸ ਦੀਆਂ ਵਿਦੇਸ਼ੀ ਇਕਾਈਆਂ ਨੇ ਵਿਦੇਸ਼ ਭੇਜੀ ਗਈ ਕੁਝ ਰਕਮ ‘ਤੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ।