Connect with us

Uncategorized

ਨਵੇਂ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ’ਚ ਦਾਖਲਿਆਂ ਲਈ ਮੁਹਿੰਮ ਚਲਾਉਣ ਹਿੱਤ ‘ਇੰਨਰੋਲਮੈਂਟ ਬੂਸਟਰ ਟੀਮਾਂ’ ਦਾ ਗਠਨ

Published

on

department of education

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲ 2021-22 ਦੇ ਸੈਸ਼ਨ ਲਈ ਦਾਖ਼ਲਿਆਂ ਵਾਸਤੇ ‘ਇੰਨਰੋਲਮੈਂਟ ਬੂਸਟਰ ਟੀਮਾਂ’ ਦਾ ਗਠਨ ਕਰ ਦਿੱਤਾ ਹੈ ਤਾਂ ਜੋ ਦਾਖਲਿਆਂ ਦੀ ਇਸ ਮੁਹਿੰਮ ਨੂੰ ਸਫਲਤਾ ਪੂਰਨ ਚਲਾਇਆ ਜਾ ਸਕੇ।ਪਿਛਲੇ ਸੈਸ਼ਨ 2020-21 ਦੌਰਾਨ ਆਰੰਭੀ ‘ਈਚ ਵਨ, ਬਰਿੰਗ ਵਨ’ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਸੀ। ਇਸ ਦੇ ਨਤੀਜੇ ਵਜੋਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦਾਖਲਿਆਂ ਵਿੱਚ 15 ਫ਼ੀਸਦੀ ਦਾ ਰਿਕਾਰਡ ਵਾਧਾ ਹੋਇਆ ਸੀ। ਇਸ ਕਰਕੇ ਵਿਭਾਗ ਨੇ ਇਸ ਵਾਰ ਵੀ ਦਾਖਲਿਆਂ ਵਾਸਤੇ ਸਫਲ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ।

ਸੂਬਾ ਪੱਧਰੀ ਕਮੇਟੀ ਵਿੱਚ ਸ੍ਰੀ ਸਤਿੰਦਰਬੀਰ ਸਿੰਘ ਡੀ.ਈ.ਓ (ਸੈ.ਸਿ) ਅੰਮਿ੍ਰਤਸਰ ਨੂੰ ਸੂਬਾ ਕੋਆਰਡੀਨੇਟਰ, ਸ੍ਰੀ ਸੁਖਵਿੰਦਰ ਸਿੰਘ ਡਿਪਟੀ ਡੀ.ਈ.ਓ (ਐ.ਸਿ) ਫਿਰੋਜ਼ਪੁਰ ਨੂੰ ਉਪ ਸੂਬਾ ਕੋਆਰਡੀਨੇਟਰ, ਸ੍ਰੀਮਤੀ ਕਮਲਜੀਤ ਕੌਰ ਪਿੰਸੀਪਲ ਸਸਸਸ ਮਾਜਰੀ, ਫਤਹਿਗੜ੍ਹ ਸਾਹਿਬ ਨੂੰ ਮੈਂਬਰ, ਸ੍ਰੀ ਮਨੋਜ ਕੁਮਾਰ ਜੋਈਆ ਬੀ.ਪੀ.ਈ.ਓ ਬਲਾਕ ਭੂਨਰਹੇੜੀ ਪਟਿਆਲਾ ਨੂੰ ਮੈਂਬਰ  ਅਤੇ ਪ੍ਰਮੋਦ ਭਾਰਤੀ ਲੈਕਚਰਾਰ ਸਸਸਸ ਦੌਲਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਸੂਬਾ ਮੀਡੀਆ ਕੋਆਰਡੀਨੇਟਰ ਨਿਯੁਕਤ ਗਿਆ ਹੈ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪੱਧਰੀ, ਬਲਾਕ ਪੱਧਰੀ ਅਤੇ ਸੈਂਟਰ ਪੱਧਰ ਦੀਆਂ ਪ੍ਰਾਇਮਰੀ ਅਤੇ ਸੈਕੰਡਰੀ ਵਿੰਗ ਦੀਆਂ ਕਮੇਟੀਆਂ ਦਾ ਵੀ ਗਾਠਨ ਕੀਤਾ ਗਿਆ ਹੈ।

ਇਨ੍ਹਾਂ ਕਮੇਟੀਆਂ ਨੂੰ ਸਰਕਾਰ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਤੁਰੰਤ ਸਰਗਰਮੀਆਂ ਸ਼ੁਰੂ ਕਰਨ ਲਈ ਆਖਿਆ ਗਿਆ ਹੈ। ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਦੇ ਹੋਏ ਪੋਸਟਰ, ਵੀਡੀਓਜ਼, ਸ਼ਾਰਟ ਫਿਲਮਾਂ ਤਿਆਰ ਕਰਵਾ ਕੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ, ਬਜ਼ਾਰਾਂ ਅਤੇ ਸੜਕਾਂ ’ਤੇ ਫਲੈਕਸ ਲਾਉਣ ਅਤੇ ਪੰਚਾਂ-ਸਰਪੰਚਾਂ, ਕਾਉਸਲਰਾਂ ਅਤੇ ਹੋਰ ਪਤਵੰਤਿਆਂ ਨਾਲ ਮੀਟਿੰਗਾਂ ਕਰਨ ਲਈ ਵੀ ਕਿਹਾ ਗਿਆ ਹੈ। ਅਧਿਆਪਕਾਂ ਨੂੰ ਘਰੋ-ਘਰੀ ਜਾ ਕੇ ਲੋਕਾਂ ਨੂੰ ਆਪਣੇ ਬੱਚੇ ਸਰਕਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨ ਵਾਸਤੇੇ ਵੀ ਨਿਰਦੇਸ਼ ਦਿੱਤੇ ਗਏ ਹਨ।