Connect with us

Punjab

ਸੰਤ ਲੌਂਗੋਵਾਲ ਦੀ ਬਰਸੀ ਮੌਕੇ ਦੋਵਾਂ ਅਕਾਲੀ ਦਲਾਂ ਦੇ ਬਰਾਬਰ ਦੇ ਇਕੱਠ ਸ਼ੁੱਭ ਸੰਕੇਤ ਨਹੀਂ !

Published

on

 ਬੀਤੇ ਦਿਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40 ਵੀਂ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੋਵਾਂ ਨੇ ਹੀ ਭਾਰੀ ਇਕੱਠ ਦਿਖਾਇਆ ਹੈ। ਦਿਖਾਇਆ ਹੈ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਸਿਆਸੀ ਪਾਰਟੀਆਂ ਦੇ ਇਕੱਠ ਜ਼ਿਆਦਾਤਰ ਦਿਖਾਏ ਜਾਂਦੇ ਹਨ। ਭਾਵ ਲੋਕਾਂ ਨੂੰ ਦਿਹਾੜੀ ‘ਤੇ ਲਿਆ ਕੇ ਇਹੋ ਜਿਹੇ ਇਕੱਠ ਵਿਖਾ ਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਜੇਕਰ ਇਹ ਇਕੱਠ ਅਸਲ ਵਿੱਚ ਇਕੱਠ ਹਨ ਤਾਂ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਸਿੱਖ ਵੋਟਰਾਂ ਦਾ ਸੰਕੇਤ ਸਮਝਣ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਗੌਰ ਕਰਨ ਵਾਲੀ ਹੈ ਕਿ ਸੁਖਬੀਰ ਸਿੰਘ ਬਾਦਲ ਉੱਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਉਸਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ। ਹਾਂ ਇਹ ਸੰਕੇਤ ਤਾਂ ਮੰਨਿਆ ਜਾਵੇਗਾ ਜੇਕਰ ਇਹ ਇਕੱਠ ਅਸਲ ਸੀ ਦਿਹਾੜੀ ਤੇ ਲਿਆਂਦੇ ਲੋਕਾਂ ਦਾ ਨਹੀਂ ਸੀ।

ਬਾਦਲ ਦਲ ਨੇ ਆਪਣੇ ਸ਼ਾਸਨ ਕਾਲ ਵਿੱਚ ਪੰਜਾਬ ਅੰਦਰ ਜੋ ਵਿਕਾਸ ਕਰਵਾਇਆ ਸ਼ਾਇਦ ਓਨਾ ਵਿਕਾਸ ਕਿਸੇ ਹੋਰ ਪਾਰਟੀ ਦੇ ਰਾਜ ਵਿੱਚ ਨਹੀਂ ਹੋਇਆ। ਪੰਜਾਬ ਅੰਦਰ ਵਧੀਆ ਸੜਕਾਂ ਦਾ ਨਿਰਮਾਣ ਕਰਵਾਇਆ, ਕਾਂਗਰਸ ਦੇ ਸ਼ਾਸਨ ਵਿੱਚ ਕਿਸਾਨਾਂ ਨੂੰ ਬਿਜਲੀ ਸਪਲਾਈ ਵੱਡੇ ਕੱਟ ਲੱਗ ਕੇ ਮਿਲ਼ਦੀ ਸੀ ਪਰ ਅਕਾਲੀ ਦਲ ਦੀ ਸਰਕਾਰ ਨੇ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਂਦਾ, ਕਿਸਾਨਾਂ ਨੂੰ ਮੁਫ਼ਤ ਬਿਜਲੀ ਵੀ ਅਕਾਲੀ ਦਲ ਵੱਲੋਂ ਹੀ ਦਿੱਤੀ ਗਈ ਸੀ, ਨਵਾਂ ਚੰਡੀਗੜ੍ਹ ਵਸਾਇਆ, ਮੋਹਾਲੀ ਨੂੰ ਨਵੇਂ ਸ਼ਹਿਰ ਵਜੋਂ ਵਿਕਸਤ ਕੀਤਾ। ਲੇਕਿਨ ਬਾਦਲ ਦਲ ਨੂੰ ਸਿਰਸਾ ਸਾਧ ਲੈ ਬੈਠਾ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਬਰਗਾੜੀ ਕਾਂਡ ਨੇ ਵੀ ਬਾਦਲ ਦਲ ਨੂੰ ਇਕਦਮ ਹੇਠਾਂ ਸੁੱਟ ਦਿੱਤਾ ਅਤੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਬਾਦਲ ਦਲ ਪ੍ਰਤੀ ਗ਼ੁੱਸਾ ਵਧਦਾ ਗਿਆ। ਇਸਦੇ ਨਾਲ ਹੀ ਕਿਸਾਨ ਅੰਦੋਲਨ ਸਮੇਂ ਪਹਿਲਾਂ ਕੇਂਦਰ ਸਰਕਾਰ ਨਾਲ ਖੜਨਾ ਅਤੇ ਕਿਸਾਨਾਂ ਦਾ ਰੋਹ ਵੇਖ ਕੇ ਭਾਜਪਾ ਨਾਲੋਂ ਗਠਜੋੜ ਤੋੜਨ ਨੂੰ ਵੀ ਬਾਦਲ ਦਲ ਦੀ ਮੌਕਾਪ੍ਰਸਤ ਨੀਤੀ ਵਜੋਂ ਵੇਖਿਆ ਗਿਆ ਤੇ ਕਿਸਾਨ ਵੀ ਬਾਦਲ ਦਲ ਤੋਂ ਦੂਰ ਹੋ ਗਏ।

ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਨੂੰ ਵੀ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਇਸਨੂੰ ਵੀ ਭਰਵਾਂ ਹੁੰਗਾਰਾ ਤਦ ਹੀ ਮੰਨਿਆ ਜਾਵੇਗਾ ਜੇਕਰ ਇਨ੍ਹਾਂ ਨੇ ਵੀ ਲੋਕਾਂ ਨੂੰ ਦਿਹਾੜੀ ‘ਤੇ ਨਹੀਂ ਸੀ ਲਿਆਂਦਾ। ਦੋਵਾਂ ਦੇ ਭਾਰੀ ਇਕੱਠ ਤੋਂ ਸਿੱਖ ਸਿਆਸੀ ਮਾਹਿਰ ਖ਼ੁਸ਼ ਨਹੀਂ ਹਨ ਸਗੋਂ ਨਿਰਾਸ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਦੋਵਾਂ ਅਕਾਲੀ ਦਲਾਂ ਨੂੰ ਇੱਕੋ ਜਿਹਾ ਹੁੰਗਾਰਾ ਮਿਲ ਰਿਹਾ ਹੈ ਤਾਂ ਇਸਦਾ ਮਤਲਬ ਇਹ ਹੋਇਆ ਕਿ ਅਕਾਲੀ ਦਲ ਦੀ ਵੋਟ ਦੋ ਬਰਾਬਰ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੀ ਵੋਟ ਮੰਨ ਲਓ ਇੱਕ ਲੱਖ ਇਕੱਠੀ ਅਕਾਲੀ ਦਲ ਨੂੰ ਪੈਣੀ ਸੀ ਉਹ ਪੰਜਾਹ ਪੰਜਾਹ ਹਜ਼ਾਰ ਵੰਡ ਕੇ ਅੱਧੀ ਰਹਿ ਜਾਵੇਗੀ। ਇਸਦਾ ਦੋਵਾਂ ਅਕਾਲੀ ਦਲਾਂ ਨੂੰ ਨੁਕਸਾਨ ਹੋਵੇਗਾ ਅਤੇ ਇਸਦਾ ਲਾਭ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੂੰ ਹੋਵੇਗਾ। ਇੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਅਕਾਲੀ ਦਲ ਦੇ ਵੋਟਰ ਦੋਵਾਂ ਅਕਾਲੀ ਦਲਾਂ ਵਿੱਚੋਂ ਇੱਕ ਨੂੰ ਹੀ ਚੁਣਦੇ ਤੇ ਇੱਕ ਨੂੰ ਨਕਾਰ ਦਿੰਦੇ ਤਾਂ ਇੱਕ ਅਕਾਲੀ ਦਲ ਬਚ ਜਾਂਦਾ ਲੇਕਿਨ ਦੋਵਾਂ ਵਿੱਚ ਬਰਾਬਰ ਦੀ ਵੋਟ ਵੰਡਣ ਨਾਲ ਦੋਵਾਂ ਦੇ ਪੱਲੇ ਕੱਖ ਨਹੀਂ ਪੈਣਾ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਲੇ ਕਾਫੀ ਸਮਾਂ ਬਾਕੀ ਹੈ, ਉਦੋਂ ਤੱਕ ਦੋਵਾਂ ਦਲਾਂ ਵੱਲੋਂ ਇੱਕ ਦੂਜੇ ਨੂੰ ਕਮਜ਼ੋਰ ਕਰਨ ਲਈ ਹਰ ਤਰ੍ਹਾਂ ਦੀ ਚਾਲ ਚੱਲੀ ਜਾਵੇਗੀ। ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਕਰਾਰ ਦਿੱਤਾ ਜਾਵੇਗਾ ਅਤੇ ਜੇਕਰ ਨਵਾਂ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਗਠਜੋੜ ਕਰਦਾ ਹੈ ਤਾਂ ਬਾਦਲ ਦਲ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਨੂੰ ਕੱਟੜ ਪੰਥੀਆਂ ਦੀ ਪਾਰਟੀ ਕਹਿ ਕੇ ਧਰਮ ਨਿਰਪੱਖਤਾ ਦੀ ਦੁਹਾਈ ਦਿੱਤੀ ਜਾਵੇਗੀ। ਇਸਦੇ ਨਾਲ ਹੀ ਬਾਦਲ ਦਲ ਦਾ ਆਈ ਟੀ ਵਿੰਗ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਚਰਿੱਤਰਹੀਣਤਾ ਦੇ ਦੋਸ਼ ਲਗਾ ਰਿਹਾ ਹੈ ਅਤੇ ਅੱਗੇ ਵੀ ਲਗਾਉਂਦਾ ਰਹੇਗਾ। ਕੁੱਝ ਸਿਆਸੀ ਮਾਹਿਰ ਅਜੇ ਵੀ ਆਸਵੰਦ ਹਨ ਕਿ ਦੋਵੇਂ ਅਕਾਲੀ ਦਲ ਕਿਸੇ ਤਰ੍ਹਾਂ ਸਮਝੌਤਾ ਕਰ ਲੈਣ ਪਰ ਅਜਿਹਾ ਹੋਣਾ ਮੁਮਕਿਨ ਨਹੀਂ ਲੱਗ ਰਿਹਾ ਕਿਉਕਿ ਬਾਗ਼ੀ ਧੜਾ ਚਾਹੁੰਦਾ ਹੈ ਕਿ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਵੇ। ਲੇਕਿਨ ਸੁਖਬੀਰ ਸਿੰਘ ਬਾਦਲ ਅਜਿਹਾ ਕਦੇ ਵੀ ਨਹੀਂ ਕਰਨਗੇ ਅਤੇ ਇਸ ਤਰ੍ਹਾਂ ਦੋਵਾਂ ਦੇ ਇੱਕੱਠੇ ਹੋਣਾ ਸੰਭਵ ਨਜ਼ਰ ਨਹੀਂ ਆਉਂਦਾ। ਕੱਲ੍ਹ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਸਿਆਸਤਦਾਨਾਂ ਦੇ ਸੌੜੇ ਹਿੱਤਾਂ ਕਾਰਨ ਅਕਾਲੀ ਦਲ ਇੱਕ ਤੋਂ ਦੋ ਹੋਣ ਕਰਕੇ ਟੁੱਟ ਜਾਵੇਗਾ, ਬੇਜਾਨ ਹੋ ਜਾਵੇਗਾ, ਫੈਡਰਲ ਢਾਂਚੇ ਦੀ ਗੱਲ ਕਰਨ ਵਾਲੀ ਖੇਤਰੀ ਪਾਰਟੀ ਦੀ ਹੋਂਦ ਖ਼ਤਰੇ ਵਿੱਚ ਪੈ ਜਾਵੇਗੀ। ਇਸ ਲਈ ਆਖਿਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਦੋਵਾਂ ਅਕਾਲੀ ਦਲਾਂ ਦਾ ਬਰਾਬਰ ਦਾ ਇਕੱਠ ਸਿੱਖ ਸਿਆਸਤ ਲਈ ਚੰਗਾ ਸੰਕੇਤ ਨਹੀਂ।

ਕੁਲਵੰਤ ਸਿੰਘ ਗੱਗੜਪੁਰੀ