Punjab
MP ਗੁਰਜੀਤ ਔਜਲਾ ਦੇ ਘਰ ਨੇੜੇ ਪੁਲਸ ਸਟੇਸ਼ਨ ਦੇ ਬਾਹਰ ਧਮਾਕਾ
AMRITSAR : ਬੀਤੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਥਾਣੇ ਲਗਾਤਾਰ ਨਿਸ਼ਾਨੇ ‘ਤੇ ਹਨ, ਜਿਸ ਦੌਰਾਨ ਸਰਹੱਦੀ ਇਲਾਕੇ ‘ਚ ਕਈ ਵਾਰ ਪੁਲਸ ਥਾਣਿਆਂ ‘ਚ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸੇ ਦੌਰਾਨ 46 ਦਿਨਾਂ ਬਾਅਦ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅੰਮ੍ਰਿਤਸਰ ਅਧੀਨ ਪੈਂਦੇ ਗੁਮਟਾਲਾ ਚੌਂਕੀ ‘ਚ ਧਮਾਕਾ ਹੋ ਗਿਆ ਹੈ। ਇਹ ਚੌਂਕੀ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਘਰ ਦੇ ਨੇੜੇ ਹੈ।
ਫਿਰ ਤੋਂ ਹੋਇਆ ਧਮਾਕਾ….
ਜਾਣਕਾਰੀ ਅਨੁਸਾਰ ਧਮਾਕਾ ਵੀਰਵਾਰ ਰਾਤ ਕਰੀਬ 9.20 ਵਜੇ ਹੋਇਆ। ਹਾਲਾਂਕਿ ਗਨਿਮਤ ਰਹੀ ਕਿ ਧਮਾਕੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਚੌਂਕੀ ਦੇ ਬਾਹਰ ਖੜ੍ਹੀ ਇਕ ਗੱਡੀ ਦਾ ਰੇਡੀਏਟਰ ਫਟਣ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਧਮਾਕੇ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ, ਜਿਸ ਕਾਰਨ ਇੰਨੀ ਆਵਾਜ਼ ਆਈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ‘ਚ ਇਹ ਪੁਲਸ ਥਾਣਿਆਂ ‘ਚ 5ਵਾਂ ਧਮਾਕਾ ਹੈ। ਇਸ ਤੋਂ ਪਹਿਲਾਂ ਅੱਤਵਾਦੀਆਂ ਵੱਲੋਂ 24 ਨਵੰਬਰ ਨੂੰ ਅਜਨਾਲਾ ਥਾਣੇ ਨੂੰ ਵੀ ਧਮਾਕਾਖੇਜ਼ ਸਮੱਗਰੀ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ 26 ਨਵੰਬਰ ਨੂੰ ਗੁਰਬਖ਼ਸ਼ ਨਗਰ ਦੇ ਥਾਣੇ ‘ਚ ਵੀ ਹੈਂਡ ਗ੍ਰਨੇਡ ਸੁੱਟਿਆ ਗਿਆ ਸੀ। ਹੁਣ ਇਹ ਧਮਾਕਾ ਰੇਡੀਏਟਰ ਕਾਰਨ ਹੋਇਆ ਹੈ ਜਾਂ ਕਿਸੇ ਨੇ ਸਾਜ਼ਿਸ਼ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।